ਲੁਧਿਆਣਾ: ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 18 ਅਤੇ 19 ਸਤੰਬਰ ਨੂੰ ਪਸ਼ੂ ਪਾਲਣ ਮੇਲਾ ਲਗਾਇਆ ਜਾ ਰਿਹਾ ਹੈ। ਮੇਲੇ ਦਾ ਮੁੱਖ ਨਾਅਰਾ ‘ਮਜ਼ਬੂਤ ਜੈਵਿਕ ਸੁਰੱਖਿਆ, ਕਰੇ ਬਿਮਾਰੀਆਂ ਤੋਂ ਰੱਖਿਆ’ ਰੱਖਿਆ ਗਿਆ ਹੈ। ਮੇਲੇ ਦੌਰਾਨ ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ, ਵਿਗਿਆਨਕ ਜਾਣਕਾਰੀ ਅਤੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਦਾ ਮੌਕਾ ਮਿਲੇਗਾ। 18 ਅਤੇ 19 ਸਤੰਬਰ ਨੂੰ ਮੇਲੇ ਲਈ ਟੈਂਟੇਜ, ਫਰਨੀਚਰ, ਸਾਊਂਡ ਅਤੇ ਹੋਰ ਪ੍ਰਬੰਧਾਂ ਸਬੰਧੀ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ।
ਡਾਇਰੈਕਟਰ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮੇਲੇ ਸਬੰਧੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਉਨ੍ਹਾਂ ਦੀ ਦਿਲਚਸਪੀ ਦਾ ਪਤਾ ਲੱਗਦਾ ਹੈ। ਯੂਨੀਵਰਸਿਟੀ ਵੱਲੋਂ ਮੇਲੇ ਵਿੱਚ ਵੈਟਰਨਰੀ ਅਤੇ ਪਸ਼ੂ ਵਿਗਿਆਨ ਨਾਲ ਸਬੰਧਤ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਮੇਲੇ ਵਿੱਚ ਡੇਅਰੀ, ਪੋਲਟਰੀ ਅਤੇ ਫਿਸ਼ਰੀਜ਼ ਨਾਲ ਸਬੰਧਤ ਆਧੁਨਿਕ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਕਿਸਾਨਾਂ ਨੂੰ ਪਸ਼ੂਆਂ ਦੀ ਸਿਹਤ, ਬਿਮਾਰੀਆਂ ਤੋਂ ਬਚਾਅ ਅਤੇ ਬਿਹਤਰ ਪਸ਼ੂ ਪਾਲਣ ਪ੍ਰਬੰਧਾਂ ਬਾਰੇ ਮਾਹਿਰਾਂ ਤੋਂ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲੇਗਾ।
ਇਸ ਦੌਰਾਨ ਕਿਸਾਨ-ਵਿਗਿਆਨੀ ਤਕਨੀਕੀ ਲੈਕਚਰਾਂ ਦੇ ਮੰਚ ’ਤੇ ਇਕੱਠੇ ਹੋਣਗੇ। ਕਿਸਾਨ ਆਪਣੀਆਂ ਸਮੱਸਿਆਵਾਂ ਅਤੇ ਸਵਾਲ ਮਾਹਿਰਾਂ ਸਾਹਮਣੇ ਰੱਖ ਸਕਣਗੇ, ਜਦਕਿ ਸਵਾਲ-ਜਵਾਬ ਸੈਸ਼ਨ ਰਾਹੀਂ ਉਨ੍ਹਾਂ ਨੂੰ ਵਿਗਿਆਨਕ ਅਤੇ ਵਿਹਾਰਕ ਹੱਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਰ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕੰਮ ਲਈ ‘ਮੁੱਖ ਮੰਤਰੀ ਪੁਰਸਕਾਰ’ ਨਾਲ ਸਨਮਾਨਿਤ ਕਰਨ ਦੀ ਵੀ ਯੋਜਨਾ ਹੈ। ਪਸ਼ੂ ਪਾਲਣ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਕਿਸਾਨਾਂ ਲਈ ਇਹ ਮੇਲਾ ਨਵੀਆਂ ਤਕਨੀਕਾਂ ਸਿੱਖਣ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਅਹਿਮ ਮੰਚ ਬਣੇਗਾ।
