ਚੀਨ : ਭਾਰਤ ਅਤੇ ਚੀਨ ਦਰਮਿਆਨ ਹਵਾਈ ਸੰਪਰਕ ਮੁੜ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਇੱਕ ਹੋਰ ਵੱਡਾ ਹੁਲਾਰਾ ਮਿਲਿਆ ਹੈ। ਬ੍ਰਿਕਸ ਸੰਮੇਲਨ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਦੇ ਵਿਚਕਾਰ, ਚਾਈਨਾ ਸਾਊਦਰਨ ਏਅਰਲਾਈਨਜ਼ ਨੇ 21 ਸਤੰਬਰ ਤੋਂ ਗੁਆਂਗਜ਼ੂ ਅਤੇ ਨਵੀਂ ਦਿੱਲੀ ਵਿਚਕਾਰ ਨਿਯਮਤ ਸਿੱਧੀ ਉਡਾਣ ਸੇਵਾ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਲਗਭਗ ਛੇ ਸਾਲਾਂ ਬਾਅਦ ਸ਼ੁਰੂ ਹੋ ਰਹੀ ਇਸ ਸੇਵਾ ਨੂੰ ਦੋਵਾਂ ਦੇਸ਼ਾਂ ਵਿਚਾਲੇ ਯਾਤਰਾ, ਵਪਾਰ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਭਾਰਤ ਅਤੇ ਚੀਨ ਵਿਚਕਾਰ ਕਈ ਹਵਾਈ ਮਾਰਗ ਵੀ ਮੁੜ ਸ਼ੁਰੂ ਕੀਤੇ ਗਏ ਹਨ।
21 ਸਤੰਬਰ ਤੋਂ ਸ਼ੁਰੂ ਹੋਵੇਗੀ ਸਿੱਧੀ ਸੇਵਾ
ਚਾਈਨਾ ਸਾਊਦਰਨ ਏਅਰਲਾਈਨਜ਼ ਨੇ ਅੱਜ , ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਉਹ 21 ਸਤੰਬਰ ਤੋਂ ਗੁਆਂਗਜ਼ੂ-ਨਵੀਂ ਦਿੱਲੀ ਮਾਰਗ ‘ਤੇ ਨਿਯਮਤ ਯਾਤਰੀ ਉਡਾਣ ਸੇਵਾਵਾਂ ਮੁੜ ਸ਼ੁਰੂ ਕਰੇਗੀ। ਏਅਰਲਾਈਨ ਦੇ ਅਨੁਸਾਰ, ਇਹ ਛੇ ਸਾਲਾਂ ਬਾਅਦ ਭਾਰਤ ਵਿੱਚ ਆਪਣੀਆਂ ਸੇਵਾਵਾਂ ਦੀ ਵਾਪਸੀ ਹੋਵੇਗੀ। ਸੇਵਾਵਾਂ ਮੁੜ ਸ਼ੁਰੂ ਹੋਣ ਤੋਂ ਬਾਅਦ, ਏਅਰਲਾਈਨ ਦੱਖਣੀ ਏਸ਼ੀਆ ਵਿੱਚ ਆਪਣੇ ਅੱਠ ਰਾਉਂਡ-ਟਰਿੱਪ ਰੂਟਾਂ ‘ਤੇ ਹਰ ਹਫ਼ਤੇ 100 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ। ਇਸ ਕਦਮ ਨੂੰ ਭਾਰਤ ਅਤੇ ਚੀਨ ਵਿਚਾਲੇ ਵਧਦੀ ਸੰਪਰਕ ਅਤੇ ਯਾਤਰਾ ਸੁਵਿਧਾਵਾਂ ਦੇ ਵਿਸਥਾਰ ਨਾਲ ਜੋੜਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸੰਪਰਕ ਵਧਾਉਣ ਦਾ ਫ਼ੈਸਲਾ ਆਰਥਿਕ, ਵਪਾਰਕ ਅਤੇ ਸੈਰ-ਸਪਾਟਾ ਸਬੰਧਾਂ ਨੂੰ ਨਵਾਂ ਹੁਲਾਰਾ ਦੇ ਸਕਦਾ ਹੈ।
ਬ੍ਰਿਕਸ ਸੰਮੇਲਨ ਦੌਰਾਨ ਆਇਆ ਹੈ ਇਹ ਫ਼ੈਸਲਾ
ਇਹ ਐਲਾਨ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚ ਚੁੱਕੇ ਹਨ। ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਦਾ ਵੀ ਪ੍ਰਸਤਾਵ ਹੈ।
ਹੌਲੀ-ਹੌਲੀ ਮੁੜ ਸ਼ੁਰੂ ਹੋ ਰਹੀਆਂ ਹਨ ਉਡਾਣਾਂ
ਏਅਰ ਚਾਈਨਾ ਨੇ ਅਪ੍ਰੈਲ ਵਿੱਚ ਬੀਜਿੰਗ-ਨਵੀਂ ਦਿੱਲੀ ਸਿੱਧੀ ਉਡਾਣ ਸੇਵਾ ਮੁੜ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਚਾਈਨਾ ਈਸਟਰਨ ਏਅਰਲਾਈਨਜ਼ ਨੇ ਕੁਨਮਿੰਗ ਅਤੇ ਕੋਲਕਾਤਾ ਵਿਚਾਲੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਸਨ। 30 ਮਾਰਚ ਨੂੰ, ਇੰਡੀਗੋ ਨੇ ਕੋਲਕਾਤਾ-ਸ਼ੰਘਾਈ ਵਿਚਕਾਰ ਆਪਣੀ ਪਹਿਲੀ ਰੋਜ਼ਾਨਾ ਨਾਨ-ਸਟਾਪ ਸੇਵਾ ਸ਼ੁਰੂ ਕੀਤੀ। ਇਸ ਤੋਂ ਇਲਾਵਾ ਕੋਲਕਾਤਾ-ਗੁਆਂਗਜ਼ੂ ਅਤੇ ਦਿੱਲੀ ਤੋਂ ਚੀਨ ਲਈ ਉਡਾਣ ਸੇਵਾਵਾਂ ਦਾ ਵੀ ਵਿਸਥਾਰ ਕੀਤਾ ਗਿਆ।












