ਮਲੇਰਕੋਟਲਾ: ਚੇਅਰਮੈਨ ਵਕਫ਼ ਬੋਰਡ ਮੁਹੰਮਦ ਓਵੈਸ ਨੇ ਡਿਜੀਟਲ ਜਨਗਣਨਾ- 2027 ਤਹਿਤ ਸਵੈ-ਗਣਨਾ ਦੀ ਆਨਲਾਈਨ ਪ੍ਰਕਿਰਿਆ ਆਪਣੇ ਦਫ਼ਤਰ ਤੋਂ ਮੁਕੰਮਲ ਕਰਕੇ ਜ਼ਿਲ੍ਹੇ ਦੀ ਆਵਾਮ ਲਈ ਮਿਸਾਲ ਕਾਇਮ ਕੀਤੀ। ਉਨ੍ਹਾਂ ਇਸ ਮੌਕੇ ਸਮੂਹ ਅਵਾਮ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਸਵੈ-ਗਣਨਾ ਪੋਰਟਲ ਰਾਹੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਦਰਜ ਕਰਕੇ ਇਸ ਮਹੱਤਵਪੂਰਨ ਕੌਮੀ ਅਭਿਆਨ ਦਾ ਹਿੱਸਾ ਬਣਨ।
ਉਨ੍ਹਾਂ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਹੇਠ ਸਵੈ-ਗਣਨਾ ਦੀ ਪ੍ਰਕਿਰਿਆ 14 ਮਈ ਤੱਕ ਜਾਰੀ ਰਹੇਗੀ, ਜਿਸ ਦੌਰਾਨ ਨਾਗਰਿਕ ਅਧਿਕਾਰਤ ਪੋਰਟਲ ‘ਤੇ ਜਾ ਕੇ ਘਰ ਬੈਠੇ ਆਪਣੀ ਜਾਣਕਾਰੀ ਆਨਲਾਈਨ ਭਰ ਸਕਦੇ ਹਨ। ਇਹ ਪ੍ਰਕਿਰਿਆ ਸੌਖੀ, ਤੇਜ਼ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿਸ ਨਾਲ ਲੋਕਾਂ ਨੂੰ ਗਿਣਤੀਕਾਰ ਦੀ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ।
ਮੁਹੰਮਦ ਓਵੈਸ ਨੇ ਕਿਹਾ ਕਿ ਜਨਗਣਨਾ ਦੇ ਅੰਕੜੇ ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਨੀਤੀਆਂ ਲਈ ਬੁਨਿਆਦੀ ਅਹਿਮੀਅਤ ਰੱਖਦੇ ਹਨ। ਸਹੀ ਅਤੇ ਸਮੇਂ-ਸਿਰ ਦਿੱਤੀ ਜਾਣਕਾਰੀ ਨਾਲ ਸਰਕਾਰ ਨੂੰ ਸਿੱਖਿਆ, ਸਿਹਤ, ਬੁਨਿਆਦੀ ਢਾਂਚੇ ਅਤੇ ਭਲਾਈ ਸਕੀਮਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲਦੀ ਹੈ। ਇਸ ਲਈ ਹਰ ਨਾਗਰਿਕ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜਨਗਣਨਾ ਦੌਰਾਨ ਇਕੱਠੀ ਕੀਤੀ ਜਾਣ ਵਾਲੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਇਸਦਾ ਇਸਤੇਮਾਲ ਸਿਰਫ਼ ਸਰਕਾਰੀ ਯੋਜਨਾਬੰਦੀ ਲਈ ਹੀ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 14 ਮਈ ਤੋਂ ਪਹਿਲਾਂ-ਪਹਿਲਾਂ ਸਵੈ-ਗਣਨਾ ਪੋਰਟਲ ‘ਤੇ ਆਪਣੀ ਰਜਿਸਟ੍ਰੇਸ਼ਨ ਕਰਕੇ ਜਨਗਣਨਾ-2027 ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।











