ਨਵੀਂ ਦਿੱਲੀ: ਬੰਗਾਲ ਦੀ ਖਾੜੀ ਵਿੱਚ ਬਣਿਆ ਮੌਸਮੀ ਸਿਸਟਮ ਹੁਣ ਹੋਰ ਤਾਕਤਵਰ ਹੋ ਕੇ ਡੀਪ ਡਿਪ੍ਰੈਸ਼ਨ ਵਿੱਚ ਤਬਦੀਲ ਹੋ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਇਹ ਸਿਸਟਮ ਪੱਛਮ-ਉੱਤਰ-ਪੱਛਮ ਵੱਲ ਵਧ ਰਿਹਾ ਹੈ ਅਤੇ 23 ਸਤੰਬਰ ਦੀ ਰਾਤ ਤੱਕ ਉੱਤਰੀ ਆਂਧਰਾ ਪ੍ਰਦੇਸ਼ ਅਤੇ ਦੱਖਣੀ ਓਡੀਸ਼ਾ ਦੇ ਤੱਟੀ ਇਲਾਕਿਆਂ ਨੂੰ ਪਾਰ ਕਰ ਸਕਦਾ ਹੈ। ਇਸ ਦੇ ਵਿਸ਼ਾਖਾਪਟਨਮ ਅਤੇ ਗੋਪਾਲਪੁਰ ਦੇ ਵਿਚਕਾਰ ਤੱਟ ਪਾਰ ਕਰਨ ਦੀ ਸੰਭਾਵਨਾ ਦੱਸੀ ਗਈ ਹੈ।
ਆਂਧਰਾ-ਓਡੀਸ਼ਾ ਵੱਲ ਵਧ ਰਿਹਾ ਮੌਸਮੀ ਸਿਸਟਮ
IMD ਦੇ ਅਨੁਸਾਰ ਅੱਜ ਸ਼ਾਮ ਸ਼ਾਮ ਕਰੀਬ 5:30 ਵਜੇ ਇਹ ਡਿਪ੍ਰੈਸ਼ਨ ਪੱਛਮ-ਉੱਤਰ-ਪੱਛਮ ਦਿਸ਼ਾ ਵੱਲ ਲਗਭਗ 7 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ। ਇਸ ਤੋਂ ਬਾਅਦ ਇਹ ਡੀਪ ਡਿਪ੍ਰੈਸ਼ਨ ਵਿੱਚ ਬਦਲ ਗਿਆ।
ਮੌਸਮ ਵਿਭਾਗ ਨੇ ਤੱਟੀ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਖਰਾਬ ਮੌਸਮ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਓਡੀਸ਼ਾ ਦੇ ਕਈ ਜ਼ਿਲ੍ਹਿਆਂ ਲਈ ਅਲਰਟ
ਡੀਪ ਡਿਪ੍ਰੈਸ਼ਨ ਦੇ ਪ੍ਰਭਾਵ ਕਾਰਨ ਓਡੀਸ਼ਾ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੋਰਾਪੁਟ, ਗਜਪਤੀ ਅਤੇ ਗੰਜਾਮ ਵਿੱਚ 23 ਅਤੇ 24 ਸਤੰਬਰ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਕਾਲਾਹਾਂਡੀ, ਨਬਰੰਗਪੁਰ, ਕੋਰਾਪੁਟ ਅਤੇ ਮਲਕਾਨਗਿਰੀ ਵਿੱਚ 24 ਅਤੇ 25 ਸਤੰਬਰ ਨੂੰ ਵੀ ਭਾਰੀ ਮੀਂਹ ਦਾ ਅਲਰਟ ਹੈ। ਕੁਝ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਕਾਰਨ ਪ੍ਰਸ਼ਾਸਨ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਆਂਧਰਾ ਪ੍ਰਦੇਸ਼ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ 22 ਤੋਂ 25 ਸਤੰਬਰ ਤੱਕ ਆਂਧਰਾ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ। ਤੱਟੀ ਆਂਧਰਾ ਪ੍ਰਦੇਸ਼, ਯਨਮ ਅਤੇ ਰਾਇਲਸੀਮਾ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਤੱਟੀ ਖੇਤਰਾਂ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਅਤੇ ਕੁਝ ਥਾਵਾਂ ‘ਤੇ ਵਿਜ਼ੀਬਿਲਟੀ ਘਟਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ।
ਸਕੂਲ ਬੰਦ, ਕਰਮਚਾਰੀਆਂ ਦੀਆਂ ਛੁੱਟੀਆਂ ਰੱਦ
ਮੌਸਮ ਦੇ ਮੱਦੇਨਜ਼ਰ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਕਦਮ ਚੁੱਕੇ ਗਏ ਹਨ। ਖੁਰਦਾ, ਜਗਤਸਿੰਘਪੁਰ, ਗੰਜਾਮ ਅਤੇ ਗਜਪਤੀ ਵਿੱਚ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਮਲਕਾਨਗਿਰੀ ਸਮੇਤ ਕੁਝ ਹੋਰ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਅਤੇ ਆਂਗਣਵਾੜੀ ਕੇਂਦਰ ਵੀ ਬੰਦ ਰੱਖੇ ਜਾਣਗੇ।
ਹਾਲਾਂਕਿ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਡਿਊਟੀ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ, ਤਾਂ ਜੋ ਲੋੜ ਪੈਣ ‘ਤੇ ਸਕੂਲਾਂ ਨੂੰ ਰਾਹਤ ਕੇਂਦਰਾਂ ਵਜੋਂ ਵਰਤਿਆ ਜਾ ਸਕੇ। ਗੰਜਾਮ, ਕੋਰਾਪੁਟ ਅਤੇ ਕਾਲਾਹਾਂਡੀ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ।
ਪੱਛਮੀ ਬੰਗਾਲ ਵਿੱਚ ਵੀ ਮੀਂਹ ਦਾ ਦੌਰ
ਇਸ ਮੌਸਮੀ ਸਿਸਟਮ ਦਾ ਅਸਰ ਪੱਛਮੀ ਬੰਗਾਲ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ 24 ਪਰਗਨਾ, ਪੂਰਬੀ ਅਤੇ ਪੱਛਮੀ ਮੇਦਿਨੀਪੁਰ, ਝਾੜਗ੍ਰਾਮ, ਪੁਰੁਲੀਆ, ਬਾਂਕੁੜਾ ਅਤੇ ਬੀਰਭੂਮ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਉੱਤਰੀ ਬੰਗਾਲ ਦੇ ਦਾਰਜਿਲਿੰਗ, ਕਲਿਮਪੋਂਗ, ਜਲਪਾਈਗੁੜੀ ਅਤੇ ਅਲੀਪੁਰਦੁਆਰ ਵਿੱਚ ਵੀ 26 ਸਤੰਬਰ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਅਗਲੇ ਚੱਕਰਵਾਤ ਦਾ ਨਾਮ ‘ਅਰਨਬ’?
ਉੱਤਰੀ ਹਿੰਦ ਮਹਾਸਾਗਰ ਖੇਤਰ ਵਿੱਚ ਚੱਕਰਵਾਤਾਂ ਦੇ ਨਾਮਕਰਨ ਦੀ ਪ੍ਰਣਾਲੀ ਤਹਿਤ ਅਗਲੇ ਚੱਕਰਵਾਤ ਦਾ ਨਾਮ ‘ਅਰਨਬ’ (Arnab) ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਨਾਮ ਬੰਗਲਾਦੇਸ਼ ਵੱਲੋਂ ਸੁਝਾਇਆ ਗਿਆ ਹੈ। ਹਾਲਾਂਕਿ ਮੌਜੂਦਾ ਮੌਸਮੀ ਸਿਸਟਮ ਨੂੰ ਫਿਲਹਾਲ ਡੀਪ ਡਿਪ੍ਰੈਸ਼ਨ ਵਜੋਂ ਦਰਸਾਇਆ ਜਾ ਰਿਹਾ ਹੈ।












