ਕੈਨੇਡਾ: ਕੈਨੇਡਾ ਦੇ ਕੈਲਗਰੀ ਵਿੱਚ ਪੁਲਿਸ ਨੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਐਕਸਟੌਰਸ਼ਨ ਅਤੇ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਦੌਰਾਨ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਵਾਂਟੇਡ ਘੋਸ਼ਿਤ ਕੀਤਾ ਹੈ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਦੋ ਬਾਲਗਾਂ ਅਤੇ ਇੱਕ ਨਾਬਾਲਗ ਨੂੰ ਮੁਲਜ਼ਮ ਬਣਾ ਚੁੱਕੀ ਹੈ। ਇਨ੍ਹਾਂ ਵਿੱਚ 23 ਸਾਲਾ ਪੰਜਾਬੀ ਮੂਲ ਦੀ ਇੱਕ ਮਹਿਲਾ ਵੀ ਸ਼ਾਮਲ ਹੈ।
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਮਾਮਲਾ 25 ਮਾਰਚ ਦਾ ਹੈ। ਪੀੜਤਾ ਨਾਲ ਵਟਸਐਪ ਰਾਹੀਂ ਸੰਪਰਕ ਕਰਕੇ ਪੈਸਿਆਂ ਦੀ ਮੰਗ ਕੀਤੀ ਗਈ ਸੀ। ਪੀੜਤਾ ਦੀ ਨਿੱਜੀ ਅਤੇ ਕਾਰੋਬਾਰੀ ਜਾਣਕਾਰੀ ਦੀ ਵਰਤੋਂ ਕਰਦਿਆਂ ਉਸਨੂੰ ਹਿੰਸਾ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਧਮਕੀ ਦਿੱਤੇ ਜਾਣ ਤੋਂ ਕਰੀਬ 12 ਘੰਟਿਆਂ ਬਾਅਦ, ਸਵੇਰੇ ਲਗਭਗ 4:30 ਵਜੇ ਇੱਕ ਅਣਪਛਾਤੇ ਮੁਲਜ਼ਮ ਨੇ ਪੀੜਤਾ ਦੇ ਘਰ ’ਤੇ ਗੋਲੀਆਂ ਚਲਾਈਆਂ ਅਤੇ ਚੋਰੀ ਕੀਤੀ ਗੱਡੀ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ।
ਇਸ ਮਾਮਲੇ ਦੀ ਜਾਂਚ ਦੌਰਾਨ CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੇ 8 ਸਤੰਬਰ 2026 ਨੂੰ ਚੈਸਟਰਮੇਅਰ ਦੀ 23 ਸਾਲਾ ਕਨੂਰਿਤ ਕੌਰ ਨੂੰ ਗ੍ਰਿਫ਼ਤਾਰ ਕੀਤਾ। ਉਸ ’ਤੇ ਪੀੜਤਾ ਦੀ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਜਿਸ ਕਾਰਨ ਹਮਲਾਵਰਾਂ ਨੂੰ ਪੀੜਤਾ ਨੂੰ ਲੱਭਣ ਅਤੇ ਉਸਨੂੰ ਧਮਕਾਉਣ ਵਿੱਚ ਮਦਦ ਮਿਲੀ। ਕਨੂਰਿਤ ਕੌਰ ਖ਼ਿਲਾਫ਼ ਜਬਰੀ ਵਸੂਲੀ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਸਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਸਦੀ ਅਦਾਲਤੀ ਪੇਸ਼ੀ ਮੰਗਲਵਾਰ, 6 ਅਕਤੂਬਰ ਨੂੰ ਹੋਵੇਗੀ।












