ਰਾਜਸਥਾਨ : ਰਾਜਸਥਾਨ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਇੱਕ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਤੁਰੰਤ ਪ੍ਰਭਾਵ ਨਾਲ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਪਵੇਗਾ। ਜਸਟਿਸ ਅਰੁਣ ਮੋਂਗਾ ਅਤੇ ਯੋਗੇਂਦਰ ਕੁਮਾਰ ਪੁਰੋਹਿਤ ਦੇ ਬੈਂਚ ਨੇ ਅੱਜ ਇਹ ਫੈਸਲਾ ਸੁਣਾਇਆ। ਨਾਬਾਲਗ ਵਿਰੁੱਧ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਦੇ ਖਿਲਾਫ ਆਸਾਰਾਮ, ਸਹ-ਆਰੋਪੀ ਸ਼ਿਲਪੀ ਅਤੇ ਸ਼ਰਤਚੰਦ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਉੱਚ ਨਿਆਂ ਅਦਾਲਤ ਨੇ 20 ਅਪ੍ਰੈਲ 2026 ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਆਸਾਰਾਮ ਨੂੰ ਕਰਨਾ ਪਵੇਗਾ ਆਤਮ ਸਮਰਪਣ
ਪੀੜਤ ਦੇ ਵਕੀਲ, ਪੀ.ਸੀ. ਸੋਲੰਕੀ ਨੇ ਮੀਡੀਆ ਨੂੰ ਦੱਸਿਆ, “ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਦੀ ਅਪੀਲ ਨੂੰ ਰੱਦ ਕਰ ਦਿੱਤਾ। ਉਸਦੇ ਸਹਿ-ਮੁਲਜ਼ਮ ਸ਼ਰਤਚੰਦਰ ਅਤੇ ਸ਼ਿਲਪੀ ਦੀ ਅਪੀਲ ਮਨਜ਼ੂਰ ਕਰ ਲਈ ਗਈ ਹੈ। ਆਸਾਰਾਮ ਉੱਤੇ ਲੱਗੇ ਗੈਂਗਰੇਪ ਦੇ ਇਲਜ਼ਾਮ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ, ਪਰ ਬਲਾਤਕਾਰ ਕੇਸ ਵਿੱਚ ਹੋਈ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਹੈ। ਨਾਲ ਹੀ ਤੁਰੰਤ ਪ੍ਰਭਾਵ ਨਾਲ ਸਰੰਡਰ ਕਰਨ ਦਾ ਵੀ ਹੁਕਮ ਦਿੱਤਾ ਹੈ। ਆਸਾਰਾਮ ਪੈਰੋਲ ‘ਤੇ ਬਾਹਰ ਹੈ, ਅਤੇ ਆਪਣਾ ਇਲਾਜ ਕਰਵਾ ਰਿਹਾ ਹੈ।
2018 ਵਿੱਚ ਆਸਾਰਾਮ ਨੂੰ ਹੋਈ ਸੀ ਸਜਾ
25 ਅਪ੍ਰੈਲ, 2018 ਨੂੰ, ਇੱਕ ਵਿਸ਼ੇਸ਼ ਅਦਾਲਤ ਨੇ ਇੱਕ ਨਾਬਾਲਗ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਹਿ-ਦੋਸ਼ੀ ਸ਼ਿਲਪੀ ਅਤੇ ਸ਼ਰਤਚੰਦਰ ਨੂੰ 20-20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਫੈਸਲੇ ਵਿਰੁੱਧ ਤਿੰਨਾਂ ਨੇ ਰਾਜਸਥਾਨ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ, ਜਿਸ ‘ਤੇ ਅੱਜ ਫੈਸਲਾ ਆਇਆ ਹੈ।












