ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ ਵਿੱਚ ਮੀਂਹ ਕਾਰਨ ਵਾਪਰੇ ਇੱਕ ਹਾਦਸੇ ਨੇ ਕਈ ਪਰਿਵਾਰਾਂ ਨੂੰ ਸਦਮੇ ਵਿੱਚ ਪਾ ਦਿੱਤਾ। ਨਲਖੇੜਾ ਨੇੜੇ ਮਾਂ ਬਗਲਾਮੁਖੀ ਮੰਦਰ ਦੇ ਕੋਲ ਇੱਕ ਕਾਰ ਤੇਜ਼ ਪਾਣੀ ਦੇ ਵਹਾਅ ਦੀ ਲਪੇਟ ਵਿੱਚ ਆ ਕੇ ਨਾਲ਼ੇ ਵਿੱਚ ਰੁੜ੍ਹ ਗਈ। ਹਾਦਸੇ ਵਿੱਚ ਕਾਰ ਸਵਾਰ 8 ਲੋਕਾਂ ਦੀ ਮੌਤ ਹੋ ਗਈ।
ਮੰਦਰ ਦਰਸ਼ਨਾਂ ਲਈ ਜਾ ਰਹੇ ਸਨ ਸ਼ਰਧਾਲੂ
ਜਾਣਕਾਰੀ ਮੁਤਾਬਕ ਕਾਰ ਵਿੱਚ ਸਵਾਰ ਲੋਕ ਮਾਂ ਬਗਲਾਮੁਖੀ ਮੰਦਰ ਵਿੱਚ ਦਰਸ਼ਨਾਂ ਲਈ ਜਾ ਰਹੇ ਸਨ। ਮੰਦਰ ਦੇ ਨੇੜੇ ਮੀਂਹ ਦੇ ਪਾਣੀ ਨਾਲ ਭਰਿਆ ਨਾਲ਼ਾ ਪਾਰ ਕਰਦੇ ਸਮੇਂ ਕਾਰ ਅਚਾਨਕ ਤੇਜ਼ ਪਾਣੀ ਦੇ ਵਹਾਅ ਵਿੱਚ ਫਸ ਗਈ। ਪਾਣੀ ਦਾ ਵਹਾਅ ਵਧਣ ਕਾਰਨ ਕਾਰ ਨਾਲ਼ੇ ਵਿੱਚ ਰੁੜ੍ਹ ਗਈ।
ਮ੍ਰਿਤਕਾਂ ਵਿੱਚ 3 ਬੱਚੇ ਅਤੇ 2 ਔਰਤਾਂ ਸ਼ਾਮਲ
ਨਲਖੇੜਾ ਥਾਣਾ ਇੰਚਾਰਜ ਸ਼ਸ਼ੀ ਉਪਾਧਿਆਏ ਮੁਤਾਬਕ ਹਾਦਸੇ ਵਿੱਚ 3 ਬੱਚਿਆਂ, 2 ਔਰਤਾਂ ਅਤੇ 3 ਪੁਰਸ਼ਾਂ ਦੀ ਮੌਤ ਹੋਈ ਹੈ। ਅਧਿਕਾਰੀ ਅਨੁਸਾਰ ਕਾਰ ਵਿੱਚ ਸਵਾਰ ਲੋਕ ਓਡੀਸ਼ਾ ਤੋਂ ਆਏ ਸ਼ਰਧਾਲੂ ਸਨ। ਕਾਰ ਚਲਾਉਣ ਵਾਲਾ ਵਿਅਕਤੀ ਉਜੈਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਚਲਾਇਆ ਰੈਸਕਿਊ ਆਪਰੇਸ਼ਨ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਲਖੇੜਾ ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚੀ। ਰੈਸਕਿਊ ਆਪਰੇਸ਼ਨ ਦੌਰਾਨ ਸਾਰੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜਿਆ ਗਿਆ। ਬਾਅਦ ਵਿੱਚ ਕਾਰ ਨੂੰ ਵੀ ਨਾਲ਼ੇ ਵਿੱਚੋਂ ਬਾਹਰ ਕੱਢ ਲਿਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
