ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਅਗਲੇ ਦੋ ਦਿਨਾਂ ਤੱਕ, ਰਾਜ ਦੇ ਕਈ ਹਿੱਸਿਆਂ ਵਿੱਚ ਬੂੰਦਾਬਾਂਦੀ, ਗਰਜ ਅਤੇ ਤੇਜ਼ ਹਵਾਵਾਂ ਦਾ ਦੌਰ ਜਾਰੀ ਰਹੇਗਾ। ਇਸ ਤੋਂ ਬਾਅਦ 6 ਨਵੰਬਰ ਤੋਂ ਅਸਮਾਨ ਸਾਫ਼ ਹੋ ਜਾਵੇਗਾ ਅਤੇ ਦਿਨ ਵਿੱਚ ਧੁੱਪ ਖਿੜੀ ਰਹੇਗੀ। ਹਾਲਾਂਕਿ, ਉੱਤਰੀ ਹਵਾਵਾਂ ਕਰਕੇ ਰਾਤ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆਵੇਗੀ। ਦਿਨ ਦਾ ਤਾਪਮਾਨ ਫਿਲਹਾਲ 30 ਡਿਗਰੀ ਤੋਂ ਉੱਪਰ ਰਹੇਗਾ।
ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਦਿਵਿਆ ਈ.ਸੁਰੇਂਦਰਨ ਦੇ ਮੁਤਾਬਕ, ਪ੍ਰਦੇਸ਼ ਦੇ ਪੱਛਮੀ ਹਿੱਸੇ ਵਿੱਚ ਸਰਗਰਮ ਸਾਈਕਲੋਨਿਕ ਸਰਕੁਲੇਸ਼ਨ ਦਾ ਅਸਰ ਭੋਪਾਲ, ਗੁਨਾ, ਵਿਦਿਸ਼ਾ, ਰਾਏਸੇਨ, ਰਾਜਗੜ੍ਹ, ਸੀਹੋਰ, ਸ਼ਾਜਾਪੁਰ, ਦੇਵਾਸ, ਸਾਗਰ, ਜਬਲਪੁਰ, ਬਾਲਾਘਾਟ, ਸਿਵਨੀ, ਛਿੰਦਵਾੜਾ, ਬੈਤੂਲ ਅਤੇ ਪਾਂਧੁਰਨਾ ਵਿੱਚ ਦਿਖਾਈ ਦੇ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਅਗਲੇ 48 ਘੰਟਿਆਂ ਤੱਕ ਹਲਕਾ ਮੀਂਹ ਜਾਂ ਬੂੰਦਾ-ਬਾਂਦੀ ਦੀ ਸੰਭਾਵਨਾ ਹੈ।
ਬਾਕੀ ਜ਼ਿਲ੍ਹਿਆਂ ਵਿੱਚ ਫਿਲਹਾਲ ਧੁੱਪ ਦਾ ਬੋਲਬਾਲਾ ਰਹੇਗਾ ਅਤੇ ਮੌਸਮ ਸਾਫ਼ ਬਣਿਆ ਰਹੇਗਾ। ਦੋ ਦਿਨਾਂ ਬਾਅਦ ਜਦੋਂ ਬੱਦਲ ਹਟਣਗੇ, ਉਦੋਂ ਉੱਤਰ ਵੱਲੋਂ ਠੰਡੀਆਂ ਹਵਾਵਾਂ ਚੱਲਣਗੀਆਂ ਜਿਸ ਨਾਲ ਰਾਤਾਂ ਠੰਡੀਆਂ ਹੋਣ ਲੱਗਣਗੀਆਂ। ਨਵੰਬਰ ਦੇ ਦੂਜੇ ਹਫ਼ਤੇ ਤੱਕ ਤਾਪਮਾਨ ਵਿੱਚ ਗਿਰਾਵਟ ਦਾ ਇਹ ਦੌਰ ਜਾਰੀ ਰਹੇਗਾ।
15 ਨਵੰਬਰ ਤੋਂ ਬਾਅਦ ਤੇਜ਼ ਸੀਤ ਲਹਿਰ ਸ਼ੁਰੂ ਹੋਣ ਦੇ ਸੰਕੇਤ ਹਨ। ਮੌਸਮ ਵਿਭਾਗ ਦੇ ਅਨੁਸਾਰ, ਇਸ ਵਾਰ ਨਵੰਬਰ ਵਿੱਚ ਵੀ ਮੀਂਹ ਜਾਰੀ ਰਹੇਗਾ। ਖ਼ਾਸ ਕਰ ਕੇ ਭੋਪਾਲ, ਇੰਦੌਰ ਅਤੇ ਜਬਲਪੁਰ ਵਿੱਚ ਪਹਿਲੇ ਹਫ਼ਤੇ ਹਲਕਾ ਮੀਂਹ ਪੈ ਸਕਦਾ ਹੈ। ਇਸ ਤੋਂ ਪਹਿਲਾਂ, ਅਕਤੂਬਰ ਮਹੀਨੇ ਵਿੱਚ 121% ਜ਼ਿਆਦਾ ਮੀਂਹ ਪਿਆ। ਔਸਤਨ 2.8 ਇੰਚ ਮੀਂਹ ਪਿਆ, ਜੋ ਕਿ ਆਮ 1.3 ਇੰਚ ਤੋਂ ਦੁੱਗਣੀ ਹੈ।











