ਨਵੀਂ ਦਿੱਲੀ: ਰੇਲਵੇ ਬੋਰਡ ਦੀਆਂ ਖੇਤਰੀ ਰੇਲਵੇ/ਇਕਾਈਆਂ ਵਿੱਚ ਲੰਬਿਤ ਮਾਮਲਿਆਂ 6 (ਐੱਸ.ਸੀ.ਡੀ.ਪੀ.ਐੱਮ.-6) ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਇਸ ਨੂੰ ਮਜ਼ਬੂਤ ਕਰਨ ਲਈ 08.10.2026 ਨੂੰ ਰੇਲਵੇ ਬੋਰਡ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਖੇਤਰੀ ਰੇਲਵੇ ਦੇ ਏ.ਜੀ.ਐੱਮ., ਡਵੀਜ਼ਨਾਂ ਦੇ ਏ.ਡੀ.ਆਰ.ਐੱਮ., ਖੇਤਰੀ ਰੇਲਵੇ ਦੇ ਸੀ.ਪੀ.ਆਰ.ਓ., ਉਤਪਾਦਨ ਇਕਾਈਆਂ ਦੇ ਜੀ.ਐੱਮ. , ਰੇਲਵੇ ਪੀ.ਐੱਸ.ਯੂ. ਦੇ ਸੀ.ਐੱਮ.ਡੀ./ਐੱਮ.ਡੀ., ਸਿਖਲਾਈ ਸੰਸਥਾਵਾਂ ਦੇ ਡੀ.ਜੀ., ਰੇਲਵੇ ਬੋਰਡ ਦੇ ਸਬੰਧਤ ਅਧਿਕਾਰੀ ਅਤੇ ਫੀਲਡ ਇਕਾਈਆਂ ਵਿੱਚ ਐੱਸ.ਸੀ.ਡੀ.ਪੀ.ਐੱਮ.-6 ਦੇ ਨੋਡਲ ਅਧਿਕਾਰੀ ਸ਼ਾਮਲ ਹੋਏ।
ਮੀਟਿੰਗ ਵਿੱਚ ਮੁਹਿੰਮ ਦੇ ਟੀਚਿਆਂ ਦੇ ਆਧਾਰ ‘ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ, ਜਿਸ ਵਿੱਚ ਮਾਪਣਯੋਗ ਨਤੀਜਿਆਂ ਅਤੇ ਲੰਬਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ‘ਤੇ ਧਿਆਨ ਕੇਂਦਰਿਤ ਕੀਤਾ ਗਿਆ। ਭਾਰਤੀ ਰੇਲਵੇ ਨੇ 1,00,000 ਸਫ਼ਾਈ ਸਥਾਨਾਂ, 7,00,000 ਵਰਗ ਫੁੱਟ ਜਗ੍ਹਾ ਖ਼ਾਲੀ ਕਰਨ ਅਤੇ ਸਕ੍ਰੈਪ ਨਿਪਟਾਰੇ ਤੋਂ 600 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ।
ਇਸ ਸਾਲ ਦੇ ਫੋਕਸ ਦੇ ਅਨੁਸਾਰ, ਈ-ਕਚਰਾ (ਪ੍ਰਬੰਧਨ) ਨਿਯਮ, 2022 ਦੇ ਤਹਿਤ “ਈ-ਕਚਰੇ ਦਾ ਪ੍ਰਭਾਵਸ਼ਾਲੀ ਸੰਗ੍ਰਹਿ, ਅਲੱਗ-ਥਲੱਗ ਕਰਨਾ ਅਤੇ ਨਿਪਟਾਰਾ” ਅਤੇ ਜੀ.ਐੱਫ.ਆਰ. ਤਹਿਤ ਸਕ੍ਰੈਪ ਨਿਪਟਾਰੇ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਵੱਡੇ ਪੱਧਰ ‘ਤੇ ਅਪਣਾਉਣ ਲਈ ਕਚਰੇ ਤੋਂ ਅਦਭੁਤ ਚੀਜ਼ਾਂ ਬਣਾਉਣਾ (ਵੇਸਟ ਟੂ ਵੰਡਰ) ਵਰਗੇ ਬਿਹਤਰ ਤਰੀਕਿਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
ਮੁਹਿੰਮ ਦੇ ਨਾਗਰਿਕ-ਕੇਂਦਰਿਤ ਹਿੱਸੇ ਵਿੱਚ ‘ਰੇਲ ਜਨ ਸੰਵਾਦ’ ਸ਼ਾਮਲ ਹੈ, ਜਿਸ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਲਈ ‘ਰੇਲ ਜਨ ਯੁਵਾ ਸੰਵਾਦ’ ਇੱਕ ਸਮਰਪਿਤ ਮੰਚ ਪ੍ਰਦਾਨ ਕਰਦਾ ਹੈ। ਪੂਰੇ ਦੇਸ਼ ਵਿੱਚ ਸਾਰੇ ਸਟੇਸ਼ਨਾਂ ‘ਤੇ 22.10.2026 ਨੂੰ ‘ਰੇਲ ਜਨ ਸੰਵਾਦ’ ਆਯੋਜਿਤ ਕੀਤਾ ਜਾਣਾ ਹੈ।
ਭਾਰਤੀ ਰੇਲਵੇ ਵਿੱਚ ਅਪਣਾਈ ਗਈ ਵਿਸ਼ੇਸ਼ ਮੁਹਿੰਮ 6 ਦੀਆਂ ਕੁਝ ਪ੍ਰਮੁੱਖ ਪਹਿਲਕਦਮੀਆਂ ਹੇਠਾਂ ਦਿੱਤੀਆਂ ਗਈਆਂ ਹਨ:
- ਹਜ਼ਰਤ ਨਿਜ਼ਾਮੁਦੀਨ ਸਟੇਸ਼ਨ, ਦਿੱਲੀ ਵਿਖੇ ਸਫ਼ਾਈ ਮੁਹਿੰਮ।
- 4-ਸਟ੍ਰੀਮ ਕਚਰਾ ਅਲੱਗ-ਥਲੱਗ ਕਰਨ ਨੂੰ ਉਤਸ਼ਾਹਿਤ ਕਰਨ ਲਈ ਸਰਹਿੰਦ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਠੋਸ ਕਚਰਾ ਅਲੱਗ-ਥਲੱਗ ਕਰਨ ਦੀ ਮੁਹਿੰਮ।
- ਰੇਲਵੇ ਕਰਮਚਾਰੀਆਂ ਅਤੇ ਭਾਗੀਦਾਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਨਾਗਪੁਰ ਵਿੱਚ ਸੈਂਟਰਲ ਰੇਲਵੇ ਵੱਲੋਂ ਸਿਹਤ ਜਾਂਚ ਕੈਂਪ ਦਾ ਆਯੋਜਨ।
- ਠੋਸ ਕਚਰਾ ਪ੍ਰਬੰਧਨ ਨਿਯਮ 2026 ਦੇ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਈਸਟਰਨ ਰੇਲਵੇ ਦੇ ਸਿਆਲਦਾਹ ਡਵੀਜ਼ਨ ਵੱਲੋਂ ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਸੈਸ਼ਨਾਂ ਦਾ ਆਯੋਜਨ।
- ਰੇਲਵੇ ਸਹੂਲਤਾਂ ਦੀ ਸਫ਼ਾਈ ਵਿੱਚ ਸੁਧਾਰ ਕਰਨ ਲਈ ਨਾਰਥ ਈਸਟਰਨ ਰੇਲਵੇ ਵੱਲੋਂ ਸਫ਼ਾਈ ਅਤੇ ਸਵੱਛਤਾ ਮੁਹਿੰਮ।
- ਸਫ਼ਾਈ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਾਊਥ ਵੈਸਟਰਨ ਰੇਲਵੇ ਵਿੱਚ ਵੱਖ-ਵੱਖ ਗਤੀਵਿਧੀਆਂ।
ਰੇਲ ਮੰਤਰਾਲਾ 2 ਅਕਤੂਬਰ ਤੋਂ 31 ਅਕਤੂਬਰ 2026 ਤੱਕ ਵਿਸ਼ੇਸ਼ ਮੁਹਿੰਮ 6 ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ, ਜੋ ਮੁਹਿੰਮ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਇਸ ਦੇ ਸਫ਼ਲ ਲਾਗੂਕਰਨ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।










