ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੇ ਨੇੜੇ ਪਿੰਡ ਰੱਖੜੀ ਵਿੱਚ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਇੱਕ ਸਰਬਤ ਬਣਾਉਣ ਵਾਲੀ ਫੈਕਟਰੀ ‘ਤੇ ਛਾਪੇਮਾਰੀ ਕੀਤੀ। ਕਾਰਵਾਈ ਦੌਰਾਨ ਫੈਕਟਰੀ ਦਾ ਮਾਲਕ ਅਤੇ ਉੱਥੇ ਕੰਮ ਕਰ ਰਹੇ ਕਰਮਚਾਰੀ ਮੌਕੇ ਤੋਂ ਚਲੇ ਗਏ।
ਫੂਡ ਸੇਫਟੀ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਟੀਮ ਜਦੋਂ ਫੈਕਟਰੀ ਵਿੱਚ ਪਹੁੰਚੀ ਤਾਂ ਉੱਥੇ ਸਰਬਤ ਤਿਆਰ ਕਰਨ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਮੁਤਾਬਕ ਫੈਕਟਰੀ ਵਿੱਚ ਸਰਬਤ ਤਿਆਰ ਕਰਨ ਲਈ ਚੀਨੀ ਦੀਆਂ ਬੋਰੀਆਂ ਵੀ ਨਹੀਂ ਮਿਲੀਆਂ। ਵਿਭਾਗ ਵੱਲੋਂ ਸ਼ੱਕ ਜਤਾਇਆ ਗਿਆ ਕਿ ਸਰਬਤ ਤਿਆਰ ਕਰਨ ਲਈ ਹੋਰ ਪਦਾਰਥਾਂ ਜਾਂ ਕੈਮੀਕਲ ਦੀ ਵਰਤੋਂ ਕੀਤੀ ਜਾ ਰਹੀ ਸੀ।
ਅਧਿਕਾਰੀ ਨੇ ਕਿਹਾ ਕਿ ਜੇਕਰ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਨਿਯਮਾਂ ਦੇ ਉਲਟ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਹ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਮਾਲਕ ਦੀ ਮੌਜੂਦਗੀ ਵਿੱਚ ਸੈਂਪਲ ਲਏ ਜਾਣਗੇ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਫੂਡ ਸੇਫਟੀ ਵਿਭਾਗ ਵੱਲੋਂ ਫੈਕਟਰੀ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਪੰਚਾਇਤ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਕਦਮ ਚੁੱਕੇ ਜਾਣਗੇ।
ਮਾਮਲੇ ਵਿੱਚ ਵਿਭਾਗ ਦੀ ਅਗਲੀ ਜਾਂਚ ਅਤੇ ਸੈਂਪਲਾਂ ਦੀ ਰਿਪੋਰਟ ਤੋਂ ਬਾਅਦ ਹੀ ਸਥਿਤੀ ਹੋਰ ਸਪੱਸ਼ਟ ਹੋਵੇਗੀ।












