ਸਪੋਰਟਸ ਡੈਸਕ : ਦੇਹਰਾਦੂਨ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਸਥਿਤ ਤ੍ਰਿਸ਼ੂਲ ਸ਼ੂਟਿੰਗ ਰੇਂਜ ਵਿੱਚ ਆਯੋਜਿਤ ਗਰੁੱਪ-ਏ ਰਾਈਫਲ ਅਤੇ ਪਿਸਟਲ ਨਿਸ਼ਾਨੇਬਾਜ਼ਾਂ ਦੇ ਲਈ ਰਾਸ਼ਟਰੀ ਚੋਣ ਟਰਾਇਲ-4 ਵਿੱਚ ਸਾਬਕਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਰਾਹੀ ਸਰਨੋਬਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾਵਾਂ ਦੀ 25 ਮੀਟਰ ਪਿਸਟਲ ਟੀ-4 ਫਾਈਨਲ ਪ੍ਰਤੀਯੋਗਤਾ ਦਾ ਖਿਤਾਬ ਆਪਣੇ ਨਾਮ ਕੀਤਾ । ਰਾਹੀ ਨੇ ਪੂਰੇ ਮੈਚ ਦੌਰਾਨ ਕੰਟਰੋਲ ਬਣਾਈ ਰੱਖਿਆ ਅਤੇ 37 ਹਿੱਟਾਂ ਨਾਲ ਸਿਖਰ ‘ਤੇ ਰਹੀ।
ਮਨੂ ਭਾਕਰ ਨੇ ਜਿੱਤਿਆ ਚਾਂਦੀ ਦਾ ਤਗਮਾ
ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ 35 ਹਿੱਟਾਂ ਨਾਲ ਦੂਜੇ ਸਥਾਨ ‘ਤੇ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ। ਕਰਨਾਟਕ ਦੀ ਦਿਵਿਆ ਟੀ.ਐੱਸ. 29 ਹਿੱਟਾਂ ਨਾਲ ਤੀਜੇ ਸਥਾਨ ‘ਤੇ ਰਹੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਫਾਈਨਲ ਵਿੱਚ ਤਾਮਿਲਨਾਡੂ ਦੀ ਨਿਵੇਦਿਤਾ ਵੀ ਨਾਇਰ ਚੌਥੇ ਅਤੇ ਓਲੰਪੀਅਨ ਰਿਦਮ ਸਾਂਗਵਾਨ ਪੰਜਵੇਂ ਸਥਾਨ ’ਤੇ ਰਹੀ।
ਯੋਗਤਾ ਵਿੱਚ ਚਿੰਕੀ ਯਾਦਵ ਸੀ ਸਭ ਤੋਂ ਅੱਗੇ
ਕੁਆਲੀਫਿਕੇਸ਼ਨ ਰਾਊਂਡ ‘ਚ ਮੱਧ ਪ੍ਰਦੇਸ਼ ਦੀ ਚਿੰਕੀ ਯਾਦਵ ਨੇ 586-22 ਗੁਣਾ ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਫਾਈਨਲ ‘ਚ ਉਹ ਇਹ ਗਤੀ ਬਰਕਰਾਰ ਨਹੀਂ ਰੱਖ ਸਕੀ ਅਤੇ ਅੱਠਵੇਂ ਸਥਾਨ ‘ਤੇ ਰਹੀ। ਮਨੂ ਭਾਕਰ ਨੇ 584-16 ਗੁਣਾ ਦੇ ਸਕੋਰ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਪੰਜਾਬ ਦੀ ਅਰਸ਼ਦੀਪ ਕੌਰ ਅਤੇ ਰਾਹੀ ਸਰਨੋਬਤ ਨੇ ਕ੍ਰਮਵਾਰ 579-20 ਅਤੇ 579-18 ਗੁਣਾ ਸਕੋਰ ਕੀਤਾ।
ਰਾਸ਼ਟਰੀ ਰੈਂਕਿੰਗ ‘ਚ ਈਸ਼ਾ ਸਿੰਘ ਬਰਕਰਾਰ ਨੰਬਰ 1 ‘ਤੇ
ਵਿਸ਼ਵ ਰਿਕਾਰਡ ਧਾਰਕ ਅਤੇ ISSF ਵਿਸ਼ਵ ਕੱਪ ਮਿਊਨਿਖ 2026 ਦੀ ਸੋਨ ਤਗਮਾ ਜੇਤੂ ਈਸ਼ਾ ਸਿੰਘ ਟਰਾਇਲਾਂ ‘ਚ ਹਿੱਸਾ ਨਾ ਲੈਣ ਦੇ ਬਾਵਜੂਦ ਰਾਸ਼ਟਰੀ ਦਰਜਾਬੰਦੀ ‘ਚ ਚੋਟੀ ‘ਤੇ ਬਰਕਰਾਰ ਹੈ। ਮਨੂ ਭਾਕਰ ਦੂਜੇ ਸਥਾਨ ‘ਤੇ ਬਰਕਰਾਰ ਹੈ, ਜਦਕਿ ਰਾਹੀ ਸਰਨੋਬਤ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਦਿ ਵਿਆ ਟੀ.ਐਸ. ਚੌਥੇ ਸਥਾਨ ‘ਤੇ ਅਤੇ ਰਿਦਮ ਸਾਂਗਵਾਨ ਪੰਜਵੇਂ ਸਥਾਨ ‘ਤੇ ਰਹੇ।
ਏਸ਼ੀਆਈ ਖੇਡਾਂ ਦੀ ਤਿਆਰੀ ਲਈ ਮਹੱਤਵਪੂਰਨ ਹਨ ਟਰਾਇਲ
ਰਾਈਫਲ ਅਤੇ ਪਿਸਟਲ ਦੇ ਇਨ੍ਹਾਂ ਟਰਾਇਲਾਂ ਨੂੰ ਇਸ ਸਾਲ ਹੋਣ ਵਾਲੀਆਂ ਆਈਚੀ-ਨਾਗੋਆ ਏਸ਼ੀਆਈ ਖੇਡਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। 15 ਪੁਰਸ਼ ਅਤੇ 15 ਮਹਿਲਾ ਨਿਸ਼ਾਨੇਬਾਜ਼ਾਂ ਨੂੰ ਏਸ਼ੀਆਈ ਖੇਡਾਂ ਵਿੱਚ 28 ਸ਼ੂਟਿੰਗ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਜਾਵੇਗਾ। ਸ਼ਾਟਗਨ ਟੀਮ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ, ਜਦਕਿ ਰਾਈਫਲ ਅਤੇ ਪਿਸਟਲ ਟੀਮਾਂ ਦੀ ਚੋਣ ਇਨ੍ਹਾਂ ਟਰਾਇਲਾਂ ਤੋਂ ਬਾਅਦ ਕੀਤੀ ਜਾਵੇਗੀ।
ਮੰਗਲਵਾਰ ਨੂੰ ਹੋਣਗੇ ਚਾਰ ਵੱਡੇ ਫਾਈਨਲ
ਰਾਸ਼ਟਰੀ ਚੋਣ ਟਰਾਇਲਾਂ ਦਾ ਉਤਸ਼ਾਹ ਭਲਕੇ , ਮੰਗਲਵਾਰ ਨੂੰ ਵੀ ਜਾਰੀ ਰਹੇਗਾ। ਅਗਲੇ ਦਿਨ ਪੁਰਸ਼ਾਂ ਅਤੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਅਤੇ ਪੁਰਸ਼ਾਂ ਅਤੇ ਔਰਤਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲਿਆਂ ਦੇ ਫਾਈਨਲ ਮੈਚ ਖੇਡੇ ਜਾਣਗੇ।
