ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ 2026 ਦਾ ਫੈਡਰੇਸ਼ਨ ਕੱਪ ਇੱਕ ਮੀਲ ਪੱਥਰ ਵਜੋਂ ਯਾਦ ਕੀਤਾ ਜਾਵੇਗਾ। ਇਸ ਮੁਕਾਬਲੇ ਨੇ ਭਾਰਤ ਨੂੰ ਇੱਕ ਨਵਾਂ ਸਪ੍ਰਿੰਟ ਸਟਾਰ ਦਿੱਤਾ, ਜਿਸਦਾ ਨਾਮ ਹੈ ਗੁਰਿੰਦਰਵੀਰ ਸਿੰਘ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਇਲਾਕੇ ਦੇ ਪਿੰਡ ਪਟਿਆਲ ਨਾਲ ਸਬੰਧਤ ਇਸ 25 ਸਾਲਾ ਨੌਜਵਾਨ ਨੇ 100 ਮੀਟਰ ਦੌੜ ਵਿੱਚ 10.09 ਸਕਿੰਟ ਦਾ ਸਮਾਂ ਕੱਢ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਇਹ ਸਿਰਫ਼ ਇੱਕ ਰਿਕਾਰਡ ਨਹੀਂ, ਸਗੋਂ ਭਾਰਤੀ ਐਥਲੈਟਿਕਸ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ।
ਗੁਰਿੰਦਰਵੀਰ ਸਿੰਘ ਦਾ ਜਨਮ ਇੱਕ ਸਧਾਰਣ ਕਿਸਾਨ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਖੇਤੀਬਾੜੀ ਕਰਦੇ ਹਨ। ਛੋਟੀ ਉਮਰ ਤੋਂ ਹੀ ਗੁਰਿੰਦਰਵੀਰ ’ਚ ਦੌੜ ਪ੍ਰਤੀ ਇੱਕ ਕੁਦਰਤੀ ਰੁਝਾਨ ਸੀ। ਉਹ ਆਪਣੇ ਪਿੰਡ ਦੇ ਖੇਤਾਂ ਵਿੱਚ ਦੌੜਦਾ ਅਤੇ ਸਕੂਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਸੀ। ਪਿੰਡਾਂ ਵਿੱਚ ਅਕਸਰ ਖੇਡਾਂ ਲਈ ਵਧੀਆ ਸਹੂਲਤਾਂ ਦੀ ਘਾਟ ਹੁੰਦੀ ਹੈ, ਪਰ ਗੁਰਿੰਦਰਵੀਰ ਨੇ ਇਨ੍ਹਾਂ ਮੁਸ਼ਕਲਾਂ ਨੂੰ ਕਦੇ ਆਪਣੇ ਸੁਪਨਿਆਂ ਦੇ ਆੜੇ ਨਹੀਂ ਆਉਣ ਦਿੱਤਾ। ਉਸਦੀ ਲਗਨ ਅਤੇ ਮਿਹਨਤ ਨੇ ਉਸਨੂੰ ਹੌਲੀ-ਹੌਲੀ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਮੁਕਾਬਲਿਆਂ ਤੱਕ ਪਹੁੰਚਾਇਆ।
ਰਾਂਚੀ ਦੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਫੈਡਰੇਸ਼ਨ ਕੱਪ ਦੌਰਾਨ ਗੁਰਿੰਦਰਵੀਰ ਦੀ ਬਣੈਣ ’ਤੇ ਲਿਖਿਆ ਸੁਨੇਹਾ ਹਰ ਕਿਸੇ ਦੀ ਚਰਚਾ ਦਾ ਕੇਂਦਰ ਬਣ ਗਿਆ। ਉਸਨੇ ਚੈਸਟ ਨੰਬਰ ਦਾ ਪਿਛਲਾ ਪਾਸਾ ਦਿਖਾਇਆ, ਜਿੱਥੇ ਉਸਨੇ ਆਪਣਾ ਟੀਚਾ ਪ੍ਰਗਟ ਕੀਤਾ ਸੀ: “10.10 ਸਕਿੰਟ, ਅਤੇ ਲਿਿਖਆ ਸੀ ਕੰਮ ਅਜੇ ਪੂਰਾ ਨਹੀਂ ਹੋਇਆ। ਰੁਕੋ, ਮੈਂ ਅਜੇ ਵੀ ਖੜ੍ਹਾ ਹਾਂ।” ਇਹ ਸਿਰਫ਼ ਸ਼ਬਦ ਨਹੀਂ ਸਨ, ਸਗੋਂ ਉਸਦੀ ਮਨੋਵਿਗਿਆਨਕ ਤਿਆਰੀ ਅਤੇ ਟੀਚੇ ਦੀ ਝਲਕ ਸਨ। ਕੁਝ ਹੀ ਸਮੇਂ ਬਾਅਦ ਉਸਨੇ 10.09 ਸਕਿੰਟ ਦੀ ਦੌੜ ਲਗਾ ਕੇ ਇਹ ਸਾਬਤ ਕਰ ਦਿੱਤਾ ਕਿ ਉਹ ਸਿਰਫ਼ ਸੁਪਨੇ ਨਹੀਂ ਦੇਖਦਾ, ਸਗੋਂ ਉਨ੍ਹਾਂ ਨੂੰ ਪੂਰਾ ਕਰਨਾ ਵੀ ਜਾਣਦਾ ਹੈ।
ਫੈਡਰੇਸ਼ਨ ਕੱਪ 2026 ਦੌਰਾਨ ਭਾਰਤੀ ਸਪ੍ਰਿੰਟਿੰਗ ਨੇ ਇੱਕ ਅਜਿਹਾ ਦ੍ਰਿਸ਼ ਦੇਖਿਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਸ਼ੁੱਕਰਵਾਰ ਨੂੰ ਗੁਰਿੰਦਰਵੀਰ ਨੇ ਆਪਣੀ ਹੀਟ ਵਿੱਚ 10.17 ਸਕਿੰਟ ਦਾ ਸਮਾਂ ਕੱਢ ਕੇ ਰਾਸ਼ਟਰੀ ਰਿਕਾਰਡ ਬਣਾਇਆ। ਪਰ ਸਿਰਫ਼ ਪੰਜ ਮਿੰਟ ਬਾਅਦ ਅਨੀਮੇਸ਼ ਕੁਜੁਰ ਨੇ 10.15 ਸਕਿੰਟ ਨਾਲ ਉਹ ਰਿਕਾਰਡ ਤੋੜ ਦਿੱਤਾ।
ਅਨੀਮੇਸ਼ ਕੁਜੁਰ ਨੂੰ “ਭਾਰਤ ਦਾ ਉਸੈਨ ਬੋਲਟ” ਕਿਹਾ ਜਾਂਦਾ ਹੈ ਅਤੇ ਉਹ ਪਹਿਲਾਂ ਹੀ ਦੇਸ਼ ਦੇ ਤੇਜ਼ਤਰਾਰ ਦੌੜਾਕਾਂ ਵਿੱਚ ਸ਼ਾਮਲ ਹੈ। ਪਰ ਗੁਰਿੰਦਰਵੀਰ ਨੇ ਹਾਰ ਨਹੀਂ ਮੰਨੀ। ਫਾਈਨਲ ਵਿੱਚ ਉਸਨੇ 10.09 ਸਕਿੰਟ ਦਾ ਸਮਾਂ ਕੱਢ ਕੇ ਮੁੜ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ। ਇਹ ਘਟਨਾ ਦਰਸਾਉਂਦੀ ਹੈ ਕਿ ਭਾਰਤੀ ਐਥਲੈਟਿਕਸ ਵਿੱਚ ਹੁਣ ਮੁਕਾਬਲੇਬਾਜ਼ੀ ਦਾ ਪੱਧਰ ਕਾਫ਼ੀ ਉੱਚਾ ਹੋ ਚੁੱਕਾ ਹੈ। ਦੋ ਦਿਨਾਂ ਵਿੱਚ ਤਿੰਨ ਵਾਰ ਰਾਸ਼ਟਰੀ ਰਿਕਾਰਡ ਟੁੱਟਣਾ ਭਾਰਤੀ ਸਪ੍ਰਿੰਟਿੰਗ ਲਈ ਬਹੁਤ ਵੱਡਾ ਸੰਕੇਤ ਹੈ।
ਗੁਰਿੰਦਰਵੀਰ ਦੀ ਕਾਮਯਾਬੀ ਦੇ ਪਿੱਛੇ ਉਸਦੇ ਕੋਚਾਂ ਦੀ ਮਹੱਤਵਪੂਰਨ ਭੂਮਿਕਾ ਹੈ। ਵਰਤਮਾਨ ਵਿੱਚ ਉਹ ਕੋਚ ਜੇਮਸ ਹਿਲੀਅਰ ਦੀ ਦੇਖਰੇਖ ਹੇਠ ਸਿਖਲਾਈ ਲੈ ਰਿਹਾ ਹੈ। ਜੇਮਸ ਨੇ ਉਸਦੀ ਤਕਨੀਕ, ਸਪੀਡ ਅਤੇ ਫਿਟਨੈੱਸ ਨੂੰ ਨਵੇਂ ਪੱਧਰ ਤੱਕ ਪਹੁੰਚਾਇਆ।
ਇਸਦੇ ਨਾਲ ਹੀ ਉਸਦੇ ਸ਼ੁਰੂਆਤੀ ਕੋਚ ਸਰਬਜੀਤ ਸਿੰਘ ਦਾ ਯੋਗਦਾਨ ਵੀ ਬੇਮਿਸਾਲ ਹੈ। ਸਰਬਜੀਤ ਸਿੰਘ ਨੇ ਹੀ ਸਭ ਤੋਂ ਪਹਿਲਾਂ ਗੁਰਿੰਦਰਵੀਰ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸਨੂੰ ਸਹੀ ਦਿਸ਼ਾ ਦਿੱਤੀ। ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰਵੀਰ ਕਾਫ਼ੀ ਸਮੇਂ ਤੋਂ ਕਹਿ ਰਿਹਾ ਸੀ ਕਿ ਉਹ 10.10 ਸਕਿੰਟ ਦਾ ਰਿਕਾਰਡ ਤੋੜੇਗਾ। ਉਸਦੇ ਅੰਦਰ ਅਸਧਾਰਣ ਆਤਮਵਿਸ਼ਵਾਸ ਸੀ ਅਤੇ ਉਸਨੇ ਆਪਣਾ ਟੀਚਾ ਪ੍ਰਾਪਤ ਕਰਕੇ ਦਿਖਾਇਆ। ਗੁਰਿੰਦਰਵੀਰ ਦੀ ਉਪਲਬਧੀ ਸਿਰਫ਼ ਇੱਕ ਵਿਅਕਤੀਗਤ ਸਫਲਤਾ ਨਹੀਂ, ਸਗੋਂ ਭਾਰਤੀ ਐਥਲੈਟਿਕਸ ਲਈ ਇੱਕ ਨਵੀਂ ਉਮੀਦ ਹੈ। ਲੰਬੇ ਸਮੇਂ ਤੋਂ ਭਾਰਤ ਟਰੈਕ ਐਂਡ ਫੀਲਡ ਖੇਡਾਂ ਵਿੱਚ ਵਿਸ਼ਵ ਪੱਧਰ ‘ਤੇ ਵੱਡੀ ਪਛਾਣ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ।
ਪਰ ਹੁਣ ਨੀਰਜ ਚੋਪੜਾ ਵਰਗੇ ਖਿਡਾਰੀਆਂ ਤੋਂ ਬਾਅਦ ਗੁਰਿੰਦਰਵੀਰ ਅਤੇ ਅਨੀਮੇਸ਼ ਕੁਜੁਰ ਵਰਗੇ ਸਪ੍ਰਿੰਟਰ ਭਾਰਤ ਨੂੰ ਨਵੇਂ ਮਕਾਮ ‘ਤੇ ਲਿਜਾਣ ਦੀ ਸਮਰੱਥਾ ਰੱਖਦੇ ਹਨ। 10.09 ਸਕਿੰਟ ਦਾ ਸਮਾਂ ਅੰਤਰਰਾਸ਼ਟਰੀ ਪੱਧਰ ‘ਤੇ ਵੀ ਕਾਫ਼ੀ ਮੁਕਾਬਲੇਬਾਜ਼ੀ ਵਾਲਾ ਮੰਨਿਆ ਜਾਂਦਾ ਹੈ। ਗੁਰਿੰਦਰਵੀਰ ਨੇ ਇਸ ਪ੍ਰਦਰਸ਼ਨ ਨਾਲ 2026 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਉਸ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਹਨ। ਜੇਕਰ ਉਹ ਆਪਣੀ ਫਾਰਮ ਨੂੰ ਜਾਰੀ ਰੱਖਦਾ ਹੈ ਤਾਂ ਭਾਰਤ ਲਈ ਮੈਡਲ ਜਿੱਤਣਾ ਸੰਭਵ ਹੋ ਸਕਦਾ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਿੰਦਰਵੀਰ ਅਤੇ ਅਨੀਮੇਸ਼ ਦੀ ਰਾਈਵਲਰੀ ਭਾਰਤੀ ਸਪ੍ਰਿੰਟਿੰਗ ਨੂੰ ਹੋਰ ਮਜ਼ਬੂਤ ਬਣਾਏਗੀ। ਦੋਵਾਂ ਖਿਡਾਰੀਆਂ ਵਿਚਕਾਰ ਮੁਕਾਬਲਾ ਉਨ੍ਹਾਂ ਨੂੰ ਹੋਰ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕਰੇਗਾ।
ਗੁਰਿੰਦਰਵੀਰ ਸਿੰਘ ਦੀ ਕਹਾਣੀ ਹਰ ਉਸ ਨੌਜਵਾਨ ਲਈ ਪ੍ਰੇਰਣਾ ਹੈ ਜੋ ਪਿੰਡਾਂ ਵਿੱਚ ਰਹਿੰਦਾ ਹੈ ਅਤੇ ਵੱਡੇ ਸੁਪਨੇ ਦੇਖਦਾ ਹੈ। ਸਫਲਤਾ ਲਈ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ। ਇੱਕ ਕਿਸਾਨ ਦਾ ਪੁੱਤਰ ਅੱਜ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ। ਉਸਦੀ ਇਹ ਉਡਾਣ ਸਿਰਫ਼ ਪੰਜਾਬ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ। ਗੁਰਿੰਦਰਵੀਰ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਖੇਤਾਂ ਦੀ ਮਿੱਟੀ ਵਿੱਚੋਂ ਵੀ ਇਤਿਹਾਸ ਲਿਖਿਆ ਜਾ ਸਕਦਾ ਹੈ।












