ਬ੍ਰਿਟੇਨ: ਪੰਜਾਬ ਦੀ ਧੀ ਅਤੇ ਬ੍ਰਿਟੇਨ ਦੀ ਮਸ਼ਹੂਰ ਖਿਡਾਰਨ ਮਨਜਿੰਦਰ ਨਾਗਰਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। 51 ਸਾਲ ਦੀ ਉਮਰ ਵਿੱਚ ਮਨਜਿੰਦਰ ਹੁਣ ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਸੂਮੋ ਪਹਿਲਵਾਨ ਬਣ ਗਈ ਹੈ। ਇਸ ਤੋਂ ਪਹਿਲਾਂ ਉਹ 1990 ਦੇ ਦਹਾਕੇ ਵਿੱਚ ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਰਗਬੀ ਖਿਡਾਰੀ ਬਣ ਕੇ ਵੀ ਇਤਿਹਾਸ ਬਣਾਉਣ ਵਾਲੀ ਖਿਡਾਰਨ ਰਹੀ ਹੈ। ਹੁਣ ਉਹ ਸੂਮੋ ਕੁਸ਼ਤੀ ਦੇ ਅਖਾੜੇ ਵਿੱਚ ਆਪਣੀ ਨਵੀਂ ਪਹਿਚਾਣ ਬਣਾਉਣ ਲਈ ਤਿਆਰ ਹੈ।
ਤਿੰਨ ਬੱਚਿਆਂ ਦੀ ਮਾਂ ਮਨਜਿੰਦਰ ਨਾਗਰਾ ਦੀ ਇਹ ਉਪਲਬਧੀ ਸਿਰਫ਼ ਖੇਡਾਂ ਤੱਕ ਸੀਮਿਤ ਨਹੀਂ, ਸਗੋਂ ਇਹ ਉਹਨਾਂ ਮਹਿਲਾਵਾਂ ਲਈ ਵੀ ਵੱਡੀ ਪ੍ਰੇਰਣਾ ਹੈ ਜੋ ਉਮਰ ਜਾਂ ਸਮਾਜਿਕ ਧਾਰਣਾਵਾਂ ਕਾਰਨ ਆਪਣੇ ਸੁਪਨੇ ਪੂਰੇ ਕਰਨ ਤੋਂ ਹਿਚਕਚਾਉਂਦੀਆਂ ਹਨ। ਮਨਜਿੰਦਰ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕਿਸੇ ਵੀ ਉਮਰ ਵਿੱਚ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਮਨਜਿੰਦਰ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਉਸ ਵੇਲੇ ਕੀਤੀ ਸੀ ਜਦੋਂ ਏਸ਼ੀਆਈ ਮੂਲ ਦੀਆਂ ਮਹਿਲਾਵਾਂ ਲਈ ਰਗਬੀ ਖੇਡਣਾ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। ਬਾਥ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਉਸਨੇ ਰਗਬੀ ਖੇਡਣ ਦਾ ਫੈਸਲਾ ਕੀਤਾ ਅਤੇ ਆਪਣੀ ਮਿਹਨਤ ਦੇ ਬਲ ‘ਤੇ ਇੰਗਲੈਂਡ ਸਟੂਡੈਂਟਸ ਟੀਮ ਵਿੱਚ ਜਗ੍ਹਾ ਬਣਾਈ। ਉਸ ਸਮੇਂ ਉਹ ਮੈਦਾਨ ‘ਤੇ ਇਕਲੌਤੀ ਏਸ਼ੀਆਈ ਖਿਡਾਰਨ ਸੀ, ਜਿਸ ਕਾਰਨ ਉਸ ਦਾ ਸਫ਼ਰ ਹੋਰ ਵੀ ਚੁਣੌਤੀਪੂਰਨ ਬਣ ਗਿਆ ਸੀ।
ਖੇਡਾਂ ਪ੍ਰਤੀ ਆਪਣੇ ਜਜ਼ਬੇ ਨੂੰ ਜਾਰੀ ਰੱਖਦੇ ਹੋਏ ਮਨਜਿੰਦਰ ਸਿੱਖ ਖੇਡਾਂ ਦੀ ਰਾਜਦੂਤ ਵਜੋਂ ਵੀ ਕੰਮ ਕਰਦੀ ਰਹੀ। ਇਸ ਦੌਰਾਨ ਉਸਦੀ ਮੁਲਾਕਾਤ ਸੂਮੋ ਚੈਂਪੀਅਨ ਮਨਦੀਪ ਸਿੰਘ ਨਾਲ ਹੋਈ। ਮਨਦੀਪ ਦੇ ਉਤਸ਼ਾਹ ਅਤੇ ਪ੍ਰੇਰਣਾ ਤੋਂ ਪ੍ਰਭਾਵਿਤ ਹੋ ਕੇ ਮਨਜਿੰਦਰ ਨੇ ਮਾਰਚ 2026 ਵਿੱਚ ਸੂਮੋ ਕੁਸ਼ਤੀ ਵਿੱਚ ਕਦਮ ਰੱਖਿਆ।
ਸਿਰਫ਼ ਇੱਕ ਮਹੀਨੇ ਦੇ ਅੰਦਰ ਹੀ ਉਸਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਦਿੱਤਾ। ਅਪ੍ਰੈਲ 2026 ਵਿੱਚ ਮਨਜਿੰਦਰ ਨੇ ਆਪਣੀ ਉਮਰ ਵਰਗ ਵਿੱਚ ਰਾਸ਼ਟਰੀ ਸੂਮੋ ਖਿਤਾਬ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੁਣ ਉਹ ਜੂਨ ਵਿੱਚ ਸਕਾਟਲੈਂਡ ਵਿੱਚ ਹੋਣ ਵਾਲੀ ਯੂਰਪੀਅਨ ਸੂਮੋ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕਰੇਗੀ।
