Home ਧਰਮ ਸ੍ਰੀ ਹਜ਼ੂਰ ਸਾਹਿਬ ‘ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ, ਗੁਰਦੁਆਰਾ ਸੱਚਖੰਡ ਬੋਰਡ ਨੇ...

ਸ੍ਰੀ ਹਜ਼ੂਰ ਸਾਹਿਬ ‘ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ, ਗੁਰਦੁਆਰਾ ਸੱਚਖੰਡ ਬੋਰਡ ਨੇ ਸ਼ੁਰੂ ਕੀਤੇ ਨਵੇਂ ਵਿਕਾਸ ਕਾਰਜ

0

ਨਾਂਦੇੜ: ਨਾਂਦੇੜ ਵਿਖੇ ਗੁਰਦੁਆਰਾ ਸੱਚਖੰਡ ਬੋਰਡ, ਸ੍ਰੀ ਹਜ਼ੂਰ ਸਾਹਿਬ ਵੱਲੋਂ ਸਿੱਖਿਆ, ਧਾਰਮਿਕ ਸੇਵਾਵਾਂ ਅਤੇ ਸੰਗਤਾਂ ਦੀ ਸਹੂਲਤ ਲਈ ਕਈ ਅਹਿਮ ਫ਼ੈਸਲੇ ਲੈਂਦੇ ਹੋਏ ਨਵੇਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ IAS (R) ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਵਿੱਚ ਵੱਡਾ ਵਾਧਾ ਕਰਨ ਦਾ ਐਲਾਨ ਕੀਤਾ ਗਿਆ।

ਬੋਰਡ ਵੱਲੋਂ ਸੱਚਖੰਡ ਪਬਲਿਕ ਸਕੂਲ ਅਤੇ ਖ਼ਾਲਸਾ ਹਾਈ ਸਕੂਲ ਦੇ 10ਵੀਂ ਜਮਾਤ ਦੇ ਗੁਣਵੰਤ ਵਿਦਿਆਰਥੀਆਂ ਲਈ ਨਵੀਆਂ ਪ੍ਰੋਤਸਾਹਨ ਰਕਮਾਂ ਜਾਰੀ ਕੀਤੀਆਂ ਗਈਆਂ। 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ 5100 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ, ਜਦਕਿ ਪਹਿਲਾਂ ਇਹ ਰਕਮ 2100 ਰੁਪਏ ਸੀ। ਇਸੇ ਤਰ੍ਹਾਂ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲਿਆਂ ਲਈ ਇਨਾਮੀ ਰਕਮ 3100 ਰੁਪਏ ਅਤੇ 75 ਫੀਸਦੀ ਤੋਂ ਵੱਧ ਅੰਕ ਲੈਣ ਵਾਲਿਆਂ ਲਈ 2100 ਰੁਪਏ ਨਿਰਧਾਰਤ ਕੀਤੇ ਗਏ ਹਨ। 60 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਹਰ ਵਿਦਿਆਰਥੀ ਨੂੰ 1100 ਰੁਪਏ ਦੀ ਹੌਸਲਾ ਅਫਜ਼ਾਈ ਰਕਮ ਦਿੱਤੀ ਜਾਵੇਗੀ।

ਇਸ ਮੌਕੇ ਗੁਰਦੁਆਰਾ ਬੋਰਡ ਵੱਲੋਂ ਚਲਾਏ ਜਾ ਰਹੇ ਸ੍ਰੀ ਹਜ਼ੂਰ ਸਾਹਿਬ ਆਈ.ਟੀ.ਆਈ. ਵਿੱਚ ਨਵੇਂ ਸੋਲਰ ਸਿਸਟਮ ਦਾ ਉਦਘਾਟਨ ਵੀ ਕੀਤਾ ਗਿਆ। ਇਸ ਪ੍ਰੋਜੈਕਟ ਨਾਲ ਸੰਸਥਾ ਨੂੰ ਬਿਜਲੀ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸ੍ਰੀ ਗੋਬਿੰਦ ਬਾਗ ਸਾਹਿਬ ਵਿਖੇ ਸਥਾਨਕ ਪਰਿਵਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਓਪਨ ਜਿੰਮ ਨੂੰ ਵੀ ਲੋਕਾਂ ਲਈ ਸਮਰਪਿਤ ਕੀਤਾ ਗਿਆ। ਇਹ ਜਿੰਮ ਸੰਗਤਾਂ ਅਤੇ ਸਥਾਨਕ ਨਿਵਾਸੀਆਂ ਦੀ ਸਿਹਤ ਲਈ ਲਾਹੇਵੰਦ ਸਾਬਤ ਹੋਵੇਗਾ।

ਡਾ. ਵਿਜੇ ਸਤਬੀਰ ਸਿੰਘ ਨੇ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਨੇ ਗੁਰੂ ਸਾਹਿਬ ਦੇ ਘੋੜਿਆਂ ਦੇ ਅਸਤਬਲ ਦਾ ਦੌਰਾ ਕਰਕੇ ਉਨ੍ਹਾਂ ਦੀ ਸਿਹਤ, ਖੁਰਾਕ ਅਤੇ ਦੇਖਭਾਲ ਲਈ ਪੂਰੇ ਇੰਤਜ਼ਾਮ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਭਿਆਨਕ ਗਰਮੀ ਨੂੰ ਦੇਖਦਿਆਂ ਸੰਗਤਾਂ ਦੀ ਸਹੂਲਤ ਲਈ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਸਾਹਿਬ ਦੇ ਛੇ ਦਰਸ਼ਨੀ ਦੁਆਰਾਂ ‘ਤੇ ਠੰਢੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ ਤਾਂ ਜੋ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਮਿਲ ਸਕੇ। ਦਸ਼ਮੇਸ਼ ਹਸਪਤਾਲ ਵਿੱਚ ਮੀਟਿੰਗ ਕਰਕੇ ਸੰਗਤਾਂ ਦੀ ਸਹੂਲਤ ਲਈ ਮਾਈਕ੍ਰੋ ਲੈਵਲ ‘ਤੇ ਵੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।

NO COMMENTS

LEAVE A REPLY

Please enter your comment!
Please enter your name here

Exit mobile version