ਰੋਪੜ: ਰੋਪੜ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। 4 ਸਾਲ ਪਹਿਲਾਂ ਉਹ ਕੰਮ ਲਈ ਮਸਕਟ ਗਿਆ ਸੀ, ਜਿੱਥੇ ਉਹ ਟਰੱਕ ਡਰਾਈਵਰ ਸੀ। ਇਸ ਤੋਂ ਬਾਅਦ ਕਰੀਬ ਦੋ ਸਾਲ ਪਹਿਲਾਂ ਉਸ ਨੂੰ ਸਾਊਦੀ ਅਰਬ ‘ਚ ਨਸ਼ਾ ਤਸਕਰੀ ਦੇ ਦੋਸ਼ ‘ਚ ਫੜਿਆ ਗਿਆ ਸੀ।
ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਨੰਗਲ ਦੇ ਪਿੰਡ ਲੋਅਰ ਪੱਟੀ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਸ ਦੀ ਬਜ਼ੁਰਗ ਮਾਤਾ ਜਸਵੰਤ ਕੌਰ ਨੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।
ਮਾਤਾ ਜਸਵੰਤ ਕੌਰ ਨੇ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕਰਕੇ ਆਪਣੇ ਪੁੱਤਰ ਨੂੰ ਬਚਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਆਪਣੇ ਪੁੱਤਰ ਨੂੰ ਬਚਾਉਣ ਦੀ ਅਪੀਲ ਕੀਤੀ ਹੈ।












