ਪੰਜਾਬ : ਹਿਮਾਚਲ ਪ੍ਰਦੇਸ਼ ਦੇ ਕਸੋਲ ਵਿੱਚ ਬੀਤੇ ਦਿਨ ਪੰਜਾਬ ਦੇ ਸੈਲਾਨੀਆਂ ਵੱਲੋਂ ਸ਼ਰੇਆਮ ਗੋਲੀਬਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਇਸ ਦੌਰਾਨ ਇੱਕ ਸਥਾਨਕ ਲੜਕਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ । ਇਸ ਘਟਨਾ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜਾਬ ਦੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਇਸ ਦੇ ਨਾਲ ਹੀ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ।
ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਕੁੱਲੂ ਦੇ ਪੁਲਿਸ ਸੁਪਰਡੈਂਟ ਮਦਨ ਲਾਲ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਸਥਾਨਕ ਨੌਜਵਾਨਾਂ ਅਤੇ ਪੰਜਾਬ ਦੇ ਸੈਲਾਨੀਆਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਸੈਲਾਨੀ ਨੇ ਗੋਲੀਬਾਰੀ ਕਰ ਦਿੱਤੀ ਅਤੇ ਗੋਲੀ ਉੱਥੇ ਦੇ ਇੱਕ ਨੌਜਵਾਨ ਦੇ ਪੈਰ ਵਿੱਚ ਲੱਗੀ । ਇਸ ਦੌਰਾਨ ਮੌਕੇ ‘ਤੇ ਮੌਜੂਦ ਨੌਜਵਾਨ ਜ਼ਖਮੀ ਨੂੰ ਚੁੱਕ ਕੇ ਹਸਪਤਾਲ ਲੈ ਜਾਣ ਲੱਗੇ ਤਾਂ ਹਮਲਾਵਰ ਨੇ ਫਿਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਇੱਕ ਦੋਸ਼ੀ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਹੋਰ ਜਾਂਚ ਜਾਰੀ ਹੈ।












