ਪਠਾਨਕੋਟ : ਪੰਜਾਬ ਪੁਲਿਸ ਦੇ ਏ.ਐਸ.ਆਈ ਨੂੰ ਏ.ਕੇ.-47 ਰਾਈਫਲ ਨਾਲ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ-ਇੰਸਪੈਕਟਰ ਪਲਵਿੰਦਰ ਸਿੰਘ ਅਨੁਸਾਰ ਥਾਣੇ ਵਿੱਚ ਨਾਈਟ ਮੁਨਸ਼ੀ ਵਜੋਂ ਤਾਇਨਾਤ ਏ.ਐਸ.ਆਈ. ਰਾਮ ਸਿੰਘ (ਨੰਬਰ 716, ਪਠਾਨਕੋਟ) ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਰਾਮ ਸਿੰਘ ਰਾਤ ਦੀ ਡਿਊਟੀ ’ਤੇ ਕਲਰਕ ਵਜੋਂ ਤਾਇਨਾਤ ਸਨ। ਉਹ ਸਵੇਰੇ 5 ਵਜੇ ਦੇ ਕਰੀਬ ਉੱਠੇ, ਤਾਜ਼ਾ ਹੋ ਕੇ ਚਾਹ ਪੀ ਕੇ ਆਪਣੇ ਦਫ਼ਤਰ ਆ ਕੇ ਬੈਠ ਗਏ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਰਾਤ ਦੀ ਡਿਊਟੀ ‘ਤੇ ਤਾਇਨਾਤ ਜਵਾਨ ਆਪਣੇ ਹਥਿਆਰ ਜਮਾਂ ਕਰਵਾਉਦੇ ਹਨ । ਸਵੇਰੇ ਜਦੋਂ ਏ.ਐਸ.ਆਈ ਰਾਮ ਸਿੰਘ ਆਪਣੇ ਹਥਿਆਰ (ਏ.ਕੇ.-47) ਨੂੰ ਕੱਪੜੇ ਨਾਲ ਸਾਫ਼ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦਾ ਹੱਥ ਟਰਿੱਗਰ ਦਬਾ ਗਿਆ ਅਤੇ ਗੋਲੀ ਚੱਲ ਗਈ। ਗੋਲੀ ਸਿੱਧੀ ਉਨ੍ਹਾਂ ਦੀ ਗਰਦਨ ਅਤੇ ਸਿਰ ਵਿਚੋਂ ਲੰਘ ਗਈ। ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਕਾਰਵਾਈ:
ਘਟਨਾ ਤੋਂ ਤੁਰੰਤ ਬਾਅਦ ਪੁਲਿਸ ਅਤੇ ਐਫ.ਐਸ.ਐਲ. ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਧਾਰਾ 174 ਤਹਿਤ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।










