Homeਪੰਜਾਬਪੰਜਾਬ ਸ਼ਾਂਤੀ ਪਸੰਦ ਸੂਬਾ, ਪੰਜਾਬ ਪੁਲਿਸ ਸਿਰਫ਼ ਸੂਬੇ ਦੀ ਨਹੀਂ ਦੇਸ਼ ਦੀ...

ਪੰਜਾਬ ਸ਼ਾਂਤੀ ਪਸੰਦ ਸੂਬਾ, ਪੰਜਾਬ ਪੁਲਿਸ ਸਿਰਫ਼ ਸੂਬੇ ਦੀ ਨਹੀਂ ਦੇਸ਼ ਦੀ ਪੁਲਿਸ: CM ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ, ਨਸ਼ਿਆਂ ਖ਼ਿਲਾਫ਼ ਕਾਰਵਾਈ ਅਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਸ਼ਾਂਤੀ ਪਸੰਦ ਸੂਬਾ ਰਿਹਾ ਹੈ ਅਤੇ ਪੰਜਾਬੀਆਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਿੱਚ ਹਮੇਸ਼ਾ ਅਹਿਮ ਭੂਮਿਕਾ ਨਿਭਾਈ ਹੈ।

CM ਮਾਨ ਨੇ ਕਿਹਾ ਕਿ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲੀ ਧਰਤੀ ਹੈ ਅਤੇ ਇੱਥੇ ਦੇ ਲੋਕ ਪੂਰੇ ਦੇਸ਼ ਦਾ ਅਨਾਜ ਪੈਦਾ ਕਰਕੇ ਦੇਸ਼ ਦਾ ਢਿੱਡ ਭਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕਦੇ ਵੀ ਦੇਸ਼ ਨੂੰ ਅਸਥਿਰ ਕਰਨ ਵਾਲਾ ਕੰਮ ਨਹੀਂ ਕੀਤਾ, ਸਗੋਂ ਪੰਜਾਬੀ ਜਵਾਨ ਸਰਹੱਦਾਂ ‘ਤੇ ਆਪਣਾ ਸੀਨਾ ਤਾਣ ਕੇ ਦੇਸ਼ ਦੀ ਰੱਖਿਆ ਕਰਦੇ ਹਨ।

ਪੰਜਾਬ ਦੇਸ਼ ਦਾ ਦਿਲ, ਗੇਟਵੇਅ ਆਫ਼ ਇੰਡੀਆ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਾਰਤ ਦਾ ਦਿਲ ਹੈ ਅਤੇ ਇਸਨੂੰ ਦੇਸ਼ ਦਾ ਗੇਟਵੇਅ ਵੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਵੱਲੋਂ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਹਨ, ਪਰ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਿਰਫ਼ ਪੰਜਾਬ ਦੀ ਪੁਲਿਸ ਨਹੀਂ, ਬਲਕਿ ਦੇਸ਼ ਦੀ ਪੁਲਿਸ ਹੈ। ਪੰਜਾਬ ਪੁਲਿਸ ਬੀ.ਐੱਸ.ਐੱਫ. ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਖੁਫੀਆ ਏਜੰਸੀਆਂ ਨਾਲ ਵੀ ਲਗਾਤਾਰ ਸਹਿਯੋਗ ਕੀਤਾ ਜਾਂਦਾ ਹੈ।

ਐਂਟੀ-ਡ੍ਰੋਨ ਸਿਸਟਮ ਅਤੇ GPS ਨਾਲ ਲੈਸ ਪੁਲਿਸ

CM ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਕੋਲ ਆਧੁਨਿਕ ਤਕਨੀਕ ਨਾਲ ਲੈਸ ਸਾਧਨ ਮੌਜੂਦ ਹਨ। ਪੁਲਿਸ ਕੋਲ ਐਂਟੀ-ਡ੍ਰੋਨ ਸਿਸਟਮ ਦੇ ਨਾਲ-ਨਾਲ GPS ਨਾਲ ਲੈਸ ਗੱਡੀਆਂ ਵੀ ਹਨ, ਜਿਸ ਨਾਲ ਸਰਹੱਦੀ ਇਲਾਕਿਆਂ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਪਰਾਧ ਕਰਕੇ ਵਿਦੇਸ਼ ਭੱਜਣ ਵਾਲੇ ਅਪਰਾਧੀਆਂ ਖ਼ਿਲਾਫ਼ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਵਿਦੇਸ਼ ਤੋਂ ਅੰਮ੍ਰਿਤ ਉਰਫ਼ ਅੰਮ੍ਰਿਤ ਦਲਮ ਨੂੰ ਭਾਰਤ ਲਿਆਂਦੇ ਜਾਣ ਦਾ ਵੀ ਉਨ੍ਹਾਂ ਜ਼ਿਕਰ ਕੀਤਾ।

ਲੁਧਿਆਣਾ ਐਨਕਾਊਂਟਰ ਦਾ ਵੀ ਕੀਤਾ ਜ਼ਿਕਰ

ਮੁੱਖ ਮੰਤਰੀ ਨੇ ਬੀਤੇ ਦਿਨ ਲੁਧਿਆਣਾ ਵਿੱਚ ਹੋਏ ਪੁਲਿਸ ਮੁਕਾਬਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਉਨ੍ਹਾਂ ਮੁਤਾਬਕ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਮੁਕਾਬਲੇ ਵਿੱਚ ਢੇਰ ਕੀਤਾ, ਜੋ ਕਥਿਤ ਤੌਰ ‘ਤੇ ਇੱਕ ਖੂਨਦਾਨ ਕੈਂਪ ਵਿੱਚ ਵਾਰਦਾਤ ਕਰਨ ਦੀ ਤਿਆਰੀ ਵਿੱਚ ਸਨ।

CM ਮਾਨ ਨੇ ਇਸ ਕਾਰਵਾਈ ਲਈ ਖੁਫੀਆ ਤੰਤਰ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੁਰੱਖਿਆ ਏਜੰਸੀਆਂ ਦੀ ਸੂਚਨਾ ਅਤੇ ਪੁਲਿਸ ਦੀ ਕਾਰਵਾਈ ਨਾਲ ਇੱਕ ਵੱਡੀ ਘਟਨਾ ਨੂੰ ਟਾਲਣ ਵਿੱਚ ਮਦਦ ਮਿਲੀ।

ਨਸ਼ਿਆਂ ਦੇ ਮੁੱਦੇ ‘ਤੇ ਕੇਂਦਰ ਅਤੇ BJP ਨੂੰ ਘੇਰਿਆ

ਨਸ਼ਿਆਂ ਦੇ ਮੁੱਦੇ ‘ਤੇ CM ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਸਰਹੱਦ ‘ਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਪੰਜਾਬ ਤੋਂ ਬਾਹਰ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੱਕ ਜਾ ਕੇ ਨਸ਼ਾ ਤਸਕਰਾਂ ਨੂੰ ਕਾਬੂ ਕਰ ਰਹੀਆਂ ਹਨ।

BJP ਦੀ ‘ਨਸ਼ਾ ਮੁਕਤ ਯਾਤਰਾ’ ‘ਤੇ ਨਿਸ਼ਾਨਾ ਸਾਧਦਿਆਂ CM ਮਾਨ ਨੇ ਕਿਹਾ ਕਿ ਜੇਕਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣੀ ਹੈ ਤਾਂ ਪਹਿਲਾਂ ਵੱਡੇ ਸਰੋਤਾਂ ਅਤੇ ਬੰਦਰਗਾਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਗੁਜਰਾਤ ਦੇ ਮੁੰਦਰਾ ਪੋਰਟ ਦਾ ਹਵਾਲਾ ਦਿੰਦਿਆਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਪੰਜਾਬ ਨੂੰ ਹੀ ਨਸ਼ਿਆਂ ਲਈ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ।

CM ਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਵਿੱਚ NDPS ਮਾਮਲਿਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਬਰਾਮਦਗੀ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕੇਂਦਰ ਅਤੇ ਵਿਰੋਧੀ ਧਿਰਾਂ ‘ਤੇ ਪੰਜਾਬ ਨੂੰ ਨਸ਼ਿਆਂ ਦੇ ਨਾਮ ‘ਤੇ ਬਦਨਾਮ ਕਰਨ ਦੇ ਦੋਸ਼ ਵੀ ਲਗਾਏ।

ਕਾਂਗਰਸ ਤੇ ਅਕਾਲੀ ਦਲ ‘ਤੇ ਵੀ ਤਿੱਖਾ ਹਮਲਾ

ਮੁੱਖ ਮੰਤਰੀ ਨੇ ਗੈਂਗਸਟਰਵਾਦ ਦੇ ਮੁੱਦੇ ‘ਤੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਅੱਜ ਗੈਂਗਸਟਰਾਂ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ‘ਤੇ ਉਨ੍ਹਾਂ ਨੂੰ ਹਾਸਾ ਆਉਂਦਾ ਹੈ। ਉਨ੍ਹਾਂ ਪਿਛਲੀਆਂ ਸਰਕਾਰਾਂ ਦੌਰਾਨ ਗੈਂਗਸਟਰਾਂ ਦੀ ਵਰਤੋਂ ਅਤੇ ਬੂਥ ਕੈਪਚਰਿੰਗ ਵਰਗੇ ਦੋਸ਼ ਵੀ ਲਗਾਏ।

ਉਨ੍ਹਾਂ ਪੰਜਾਬ ਦੇ ਪੁਰਾਣੇ ਦੌਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਵਿੱਚ ਲੋਕ ਸ਼ਾਮ ਪੈਂਦਿਆਂ ਹੀ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਸਨ। CM ਮਾਨ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਸਸਤੀ ਸ਼ੋਹਰਤ ਲਈ ਅਜਿਹੇ ਹਾਲਾਤ ਦੁਬਾਰਾ ਪੈਦਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।

‘ਗਿਰਝਾਂ ਵਾਲੀ ਸਿਆਸਤ’ ‘ਤੇ ਵਿਰੋਧੀਆਂ ਨੂੰ ਘੇਰਿਆ

CM ਮਾਨ ਨੇ ਵਿਰੋਧੀ ਧਿਰਾਂ ‘ਤੇ ‘ਗਿਰਝਾਂ ਵਾਲੀ ਸਿਆਸਤ’ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਸਪੱਸ਼ਟ ਰੋਡਮੈਪ ਨਹੀਂ ਹੈ ਅਤੇ ਉਹ ਸਿਰਫ਼ ਕਿਸੇ ਘਟਨਾ ਦੀ ਉਡੀਕ ਕਰਦੀਆਂ ਹਨ ਤਾਂ ਜੋ ਧਰਨੇ ਲਗਾ ਕੇ ਸਰਕਾਰ ਤੋਂ ਅਸਤੀਫ਼ੇ ਮੰਗੇ ਜਾ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸ਼ਾਂਤੀਪੂਰਨ ਅਤੇ ਤਰੱਕੀਸ਼ੀਲ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਹਰ ਕਾਰਵਾਈ ਦਾ ਰਿਕਾਰਡ ਮੌਜੂਦ ਹੈ ਅਤੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments