ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਹੈ। ਪਾਰਟੀ ਅੰਦਰ ਧੜੇਬੰਦੀ, ਬਾਗ਼ੀ ਸੁਰਾਂ ਅਤੇ ਪੋਸਟਰ ਵਿਵਾਦ ਦੇ ਵਿਚਕਾਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਦੀ ਸੰਭਾਵਨਾ ਬਣੀ ਹੋਈ ਹੈ। ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਮੀਟਿੰਗ ਤੋਂ ਬਾਅਦ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਦੀ ਸਰਗਰਮੀ ਵਧ ਗਈ ਹੈ।
ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਵੱਲੋਂ ਅੱਜ ਜਾਂ ਕੱਲ੍ਹ ਪੰਜਾਬ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਨਾਲ ਵੱਖਰੀ ਮੀਟਿੰਗ ਕੀਤੀ ਜਾ ਸਕਦੀ ਹੈ। ਇਸ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਮਤਭੇਦਾਂ, ਸੰਗਠਨਾਤਮਕ ਮੁੱਦਿਆਂ ਅਤੇ ਆਗੂਆਂ ਵਿਚਕਾਰ ਵਧ ਰਹੀ ਖਿੱਚੋਤਾਣ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ।
ਇਸ ਸਿਆਸੀ ਘਟਨਾਕ੍ਰਮ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਦਾਅਵੇ ਨੇ ਪਾਰਟੀ ਅੰਦਰ ਚਰਚਾ ਹੋਰ ਤੇਜ਼ ਕਰ ਦਿੱਤੀ ਹੈ। ਚੰਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਾਲ ਲਗਭਗ 92 ਕਾਂਗਰਸੀ ਆਗੂ ਹਨ। ਇਸ ਦਾਅਵੇ ਨੂੰ ਪੰਜਾਬ ਕਾਂਗਰਸ ਵਿੱਚ ਉਨ੍ਹਾਂ ਦੇ ਵਧਦੇ ਸਿਆਸੀ ਪ੍ਰਭਾਵ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਥਿਤੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਪਾਰਟੀ ਦੇ ਅੰਦਰ ਇੱਕ ਧੜਾ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਸੰਗਠਨ ਚਲਾਉਣ ਦੇ ਢੰਗ ’ਤੇ ਸਵਾਲ ਚੁੱਕਦਾ ਰਿਹਾ ਹੈ। ਹਾਲਾਂਕਿ ਰਾਜਾ ਵੜਿੰਗ ਵੱਲੋਂ ਕਈ ਵਾਰ ਪਾਰਟੀ ਦੀ ਏਕਤਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਗੱਲ ਕੀਤੀ ਜਾ ਚੁੱਕੀ ਹੈ।
ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੀ ਭੂਮਿਕਾ ਵੀ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਵਿੱਚ ਮਹੱਤਵਪੂਰਨ ਬਣੀ ਹੋਈ ਹੈ। ਪੰਜਾਬ ਕਾਂਗਰਸ ਦੇ ਵੱਖ-ਵੱਖ ਧੜਿਆਂ ਵਿਚਕਾਰ ਤਾਲਮੇਲ ਦੀ ਕਮੀ ਨੇ ਹਾਈਕਮਾਂਡ ਲਈ ਵੀ ਚੁਣੌਤੀਆਂ ਵਧਾ ਦਿੱਤੀਆਂ ਹਨ।











