ਪੰਜਾਬ : ਪੰਜਾਬ ਵਿਧਾਨ ਸਭਾ ਵਿੱਚ ਹੜ੍ਹਾਂ ‘ਤੇ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਾਰੇ ਇੱਕਜੁੱਟ ਹੋ ਕੇ ਕੇਂਦਰ ਸਰਕਾਰ ‘ਤੇ ਪੰਜਾਬ ਦੀ ਮਦਦ ਲਈ ਦਬਾਅ ਪਾਵਾਂਗੇ ਤਾਂ ਹੀ ਕੁਝ ਹੋਵੇਗਾ ਅਤੇ ਅਸੀਂ ਸਾਰੇ ਮਿਲ ਕੇ ਕਹਾਂਗੇ, “ਸਾਡਾ ਹੱਕ ਏਥੇ ਰੱਖ।” ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਾਰੇ ਆਪ੍ਰੇਸ਼ਨ ਸਿੰਦੂਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜ੍ਹੇ ਸੀ, ਉਸੇ ਤਰ੍ਹਾਂ ਹੁਣ ਹੜ੍ਹ ਦੇ ਮੁੱਦੇ ‘ਤੇ ਸਾਨੂੰ ਹੁਣ ਮੁੱਖ ਮੰਤਰੀ ਮਾਨ ਦੇ ਨਾਲ ਖੜ੍ਹੇ ਹ ਕੇ ਉਨ੍ਹਾਂ ਦਾ ਸੱਜਾ ਹੱਥ ਬਣਨਾ ਪਵੇਗਾ।
ਸਾਡੀਆਂ ਟੀਮਾਂ ਉਸੇ ਦਿਨ ਸਰਗਰਮ ਹੋ ਗਈਆਂ ਸਨ ਜਿਸ ਦਿਨ ਹੜ੍ਹ ਸ਼ੁਰੂ ਹੋਏ ਸਨ। ਹੁਣ ਤੱਕ 4,740 ਕੈਂਪ ਲਗਾਏ ਗਏ ਹਨ ਅਤੇ ਹਜ਼ਾਰਾਂ ਲੋਕਾਂ ਦਾ ਇਲਾਜ ਕੀਤਾ ਗਿਆ ਹੈ। ਇਸ ਸਮੇਂ, ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਮੁੱਖ ਮੰਤਰੀ ਦੇ ਨਾਲ ਖੜ੍ਹੇ ਹੋਣ ਦੀ ਲੋੜ ਹੈ। ਰਾਵੀ ਦਰਿਆ ਦੇ ਪਾਰ ਪਿੰਡਾਂ ਵਿੱਚ ਨੌਂ ਗਰਭਵਤੀ ਔਰਤਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਗਿਆ ਅਤੇ ਜਣੇਪੇ ਕਰਵਾਏ ਗਏ। ਇਸ ਦੌਰਾਨ ਸਾਡਾ ਸਟਾਫ਼ ਪ੍ਰਸ਼ੰਸਾ ਦਾ ਹੱਕਦਾਰ ਹੈ।
ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਆਸ਼ਾ ਵਰਕਰ, ਡਾਕਟਰ, ਨਰਸਾਂ ਅਤੇ ਹੋਰ ਵੀ ਕਿਸ਼ਤੀਆਂ ‘ਤੇ ਲੋਕਾਂ ਦੀ ਸੇਵਾ ਕਰ ਰਹੇ ਸਨ। ਆਸ਼ਾ ਵਰਕਰ ਘਰ-ਘਰ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਸਨ। ਡੇਂਗੂ ਦੇ ਫੈਲਾਅ ਨੂੰ ਰੋਕਦੇ ਹੋਏ, ਸਾਰੇ ਪਿੰਡਾਂ ਵਿੱਚ ਛਿੜਕਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੜ੍ਹ ਇੱਕ ਵਿਸ਼ਵਵਿਆਪੀ ਸਮੱਸਿਆ ਹੈ, ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਆਇਆ ਹੈ । ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਮੁੱਖ ਮੰਤਰੀ ਮਾਨ ਦੇ ਸੱਜੇ ਹੱਥ ਬਣਨ ਦਾ ਟੀਚਾ ਰੱਖਦੇ ਹਾਂ, ਉੱਥੇ ਵਿਰੋਧੀ ਧਿਰ ਸਾਡੇ “ਰੰਗਲਾ ਪੰਜਾਬ” ਮਿਸ਼ਨ ਦੀ ਵੀ ਆਲੋਚਨਾ ਕਰ ਰਹੀ ਹੈ।











