ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੀਆਂ ਪ੍ਰੀਖਿਆਵਾਂ ਵਿੱਚ ਹੁਣ ਸਿਰਫ਼ ਕਿਤਾਬੀ ਅਭਿਆਸ ਦੇ ਪ੍ਰਸ਼ਨਾਂ ਨੂੰ ਯਾਦ ਕਰਕੇ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਰਸਤਾ ਹੁਣ ਆਸਾਨ ਨਹੀਂ ਹੋਵੇਗਾ। ਬੋਰਡ ਨੇ ਅਕਾਦਮਿਕ ਸਾਲ 2026-27 ਦੇ ਲਈ ਇੱਕ ਵੱਡਾ ਅਤੇ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦੇ ਪੂਰੇ ਪੈਟਰਨ ਨੂੰ ਬਦਲ ਦਿੱਤਾ ਗਿਆ ਹੈ। ਨਵੇਂ ਬਦਲਾਵਾਂ ਦੇ ਤਹਿਤ, ਹੁਣ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਹਰ ਪਾਠ ਨੂੰ ਡੂੰਘਾਈ ਨਾਲ ਸਮਝਣਾ ਪਵੇਗਾ।
ਬੋਰਡ ਵੱਲੋਂ ਜਾਰੀ ਅਧਿਕਾਰਤ ਪੱਤਰ ਮੁਤਾਬਕ ਹੁਣ ਪ੍ਰੀਖਿਆਵਾਂ ਦੇ ਪ੍ਰਸ਼ਨ-ਪੱਤਰਾਂ ਵਿੱਚ 50 ਪ੍ਰਤੀਸ਼ਤ ਪ੍ਰਸ਼ਨ ਪਾਠ-ਪੁਸਤਕਾਂ ਦੀ ਵਿਸ਼ਾ-ਵਸਤੂ ਵਿੱਚੋਂ ਭਾਵੇਂ ਅਭਿਆਸ ਤੋਂ ਇਲਾਵਾ ਪਾਠ ਦੇ ਵਿਚਕਾਰੋਂ ਪੁੱਛੇ ਜਾਣ ਲਾਜ਼ਮੀ ਕੀਤੇ ਗਏ ਹਨ। ਜਦਕਿ ਬਾਕੀ ਬਚੇ 50 ਫ਼ੀਸਦੀ ਪ੍ਰਸ਼ਨ ਹੀ ਪਾਠ-ਪੁਸਤਕਾਂ ਦੇ ਅਭਿਆਸਾਂ ਦੇ ਪ੍ਰਸ਼ਨ-ਬੈਂਕ ਵਿੱਚੋਂ ਸ਼ਾਮਲ ਕੀਤੇ ਜਾਣਗੇ। ਬੋਰਡ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸੰਕਲਪਿਕ ਸਮਝ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਉਹ ਰੱਟੇ ਲਗਾਉਣ ਦੀ ਬਜਾਏ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਸਕਣ।
ਇਸ ਮਹੱਤਵਪੂਰਨ ਫੈਸਲੇ ਨੂੰ ਲਾਗੂ ਕਰਨ ਲਈ, ਬੋਰਡ ਦੇ ਡਿਪਟੀ ਸੈਕਟਰੀ (ਅਕਾਦਮਿਕ) ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਸ.ਸੀ.) ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਇਹਨਾਂ ਕਲਾਸਾਂ ਨੂੰ ਪੜ੍ਹਾ ਰਹੇ ਸਾਰੇ ਅਧਿਆਪਕਾਂ ਨੂੰ ਇਸ ਨਵੇਂ ਬਦਲਾਵ ਦੀ ਤੁਰੰਤ ਜਾਣਕਾਰੀ ਦੇਣ, ਤਾਂ ਜੋ ਅਧਿਆਪਕ ਹੁਣ ਤੋਂ ਆਪਣੇ ਵਿਦਿਆਰਥੀਆਂ ਨੂੰ ਇਸ ਬਦਲੇ ਹੋਏ ਪੈਟਰਨ ਦੇ ਅਨੁਸਾਰ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣਾ ਸ਼ੁਰੂ ਕਰ ਦੇਣ।












