ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦਾ ਹਵਾਈ ਅੱਡੇ ‘ਤੇ ਖੁਦ ਪਹੁੰਚ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਹ ਦ੍ਰਿਸ਼ ਭਾਰਤ ਅਤੇ ਯੂ.ਏ.ਈ. ਦੇ ਡੂੰਘੇ ਅਤੇ ਭਰੋਸੇਮੰਦ ਦੁਵੱਲੇ ਸਬੰਧਾਂ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਮੇਰੇ ਭਰਾ, ਯੂ.ਏ.ਈ. ਦੇ ਰਾਸ਼ਟਰਪਤੀ, ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਗਿਆ। ਉਨ੍ਹਾਂ ਦੀ ਯਾਤਰਾ ਭਾਰਤ-ਯੂ.ਏ.ਈ. ਦੋਸਤੀ ਨਾਲ ਜੁੜੇ ਮਹੱਤਵ ਨੂੰ ਦਰਸਾਉਂਦੀ ਹੈ। ਗੱਲਬਾਤ ਨੂੰ ਲੈ ਕੇ ਉਤਸੁਕ ਹਾਂ।” ਪ੍ਰਧਾਨ ਮੰਤਰੀ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ , ਜਿਨ੍ਹਾਂ ਵਿੱਚ ਦੋਵੇਂ ਨੇਤਾ ਕਾਰ ਵਿੱਚ ਇਕੱਠੇ ਬੈਠੇ ਅਤੇ ਇੱਕ ਤਸਵੀਰ ਵਿੱਚ ਇੱਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆਏ ।
ਯੂ.ਏ.ਈ. ਦੇ ਰਾਸ਼ਟਰਪਤੀ ਦਾ ਇਹ ਅਧਿਕਾਰਤ ਦੌਰਾ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਹੋ ਰਿਹਾ ਹੈ। ਇਸ ਸਮੇਂ ਸੰਯੁਕਤ ਰਾਜ ਅਮਰੀਕਾ ਗਾਜ਼ਾ ਪ੍ਰਸ਼ਾਸਨ ਸੰਬੰਧੀ ਖੇਤਰੀ ਨੇਤਾਵਾਂ ਨਾਲ ਇੱਕ ਨਵੀਂ ਰਣਨੀਤੀ ‘ਤੇ ਚਰਚਾ ਕਰ ਰਿਹਾ ਹੈ। ਇਸ ਦੌਰੇ ਨੂੰ ਕੂਟਨੀਤਕ ਤੌਰ ‘ਤੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਇਹ ਦੌਰਾ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ ਹੋ ਰਿਹਾ ਹੈ ਅਤੇ ਹਾਲ ਹੀ ਵਿੱਚ ਉੱਚ-ਪੱਧਰੀ ਦੌਰਿਆਂ ਦੀ ਇੱਕ ਲੜੀ ਦਾ ਹਿੱਸਾ ਹੈ।
ਇਨ੍ਹਾਂ ਵਿੱਚ ਸਤੰਬਰ 2024 ਵਿੱਚ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਦੇ ਭਾਰਤ ਦੌਰੇ ਅਤੇ ਅਪ੍ਰੈਲ 2025 ਵਿੱਚ ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਦੇ ਭਾਰਤ ਦੌਰੇ ਸ਼ਾਮਲ ਹਨ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਸ਼ੇਖ ਮੁਹੰਮਦ ਦਾ ਭਾਰਤ ਦਾ ਤੀਜਾ ਅਧਿਕਾਰਤ ਦੌਰਾ ਹੈ ਅਤੇ ਪਿਛਲੇ ਦਹਾਕੇ ਵਿੱਚ ਉਨ੍ਹਾਂ ਦਾ ਪੰਜਵਾਂ ਦੌਰਾ ਹੈ, ਜੋ ਨਵੀਂ ਦਿੱਲੀ ਅਤੇ ਅਬੂ ਧਾਬੀ ਵਿਚਕਾਰ ਮਜ਼ਬੂਤ ਰਣਨੀਤਕ ਸਾਂਝੇਦਾਰੀ ਨੂੰ ਦਰਸਾਉਂਦਾ ਹੈ।
