ਬਿਸ਼ਕੇਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ 26ਵੇਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚ ਗਏ ਹਨ। ਆਪਣੀ ਫੇਰੀ ਦੌਰਾਨ ਉਹ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਪੁੱਜੇ ਅਤੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ। ਕਿਰਗਿਜ਼ ਗਣਰਾਜ ਦੀ ਕੈਬਨਿਟ ਦੇ ਚੇਅਰਮੈਨ ਆਦਿਲਬੇਕ ਕਾਸਿਮਾਲੀਵ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਮੋਦੀ ਨੇ ਬਿਸ਼ਕੇਕ ‘ਚ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਐੱਸ.ਸੀ.ਓ. ਦੇ 26ਵੇਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨ ਲਈ ਬੀਤੇ ਦਿਨ ਬਿਸ਼ਕੇਕ ਪਹੁੰਚੇ ਸਨ। ਕਿਰਗਿਜ਼ ਗਣਰਾਜ ਦੀ ਕੈਬਨਿਟ ਦੇ ਚੇਅਰਮੈਨ ਆਦਿਲਬੇਕ ਕਾਸਿਮਾਲੀਵ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਲਈ ਰਵਾਇਤੀ ਕਿਰਗਿਜ਼ ਡਾਂਸ ਵੀ ਪੇਸ਼ ਕੀਤਾ ਗਿਆ। ਜਦੋਂ ਮੋਦੀ ਹੋਟਲ ਪਹੁੰਚੇ ਤਾਂ ਲੋਕਾਂ ਨੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਉੱਥੇ ਉਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ‘ਮਾਂ ਤੁਝੇ ਸਲਾਮ’ ‘ਤੇ ਯੋਗਾ ਪ੍ਰਦਰਸ਼ਨ ਅਤੇ ਭਗਵਾਨ ਸ਼ਿਵ ‘ਤੇ ਆਧਾਰਿਤ ਸੱਭਿਆਚਾਰਕ ਡਾਂਸ ਵੀ ਦੇਖਿਆ। ਮੋਦੀ ਇੱਥੇ 31 ਅਗਸਤ ਅਤੇ 1 ਸਤੰਬਰ ਨੂੰ ਹੋਣ ਜਾ ਰਹੇ ਐਸ.ਸੀ.ਓ. ਸੰਮੇਲਨ ਵਿੱਚ ਹਿੱਸਾ ਲੈਣ ਲਈ ਕਿਰਗਿਸਤਾਨ ਦੇ ਰਾਸ਼ਟਰਪਤੀ ਸਾਦਿਰ ਜ਼ਾਪਾਰੋਵ ਦੇ ਸੱਦੇ ਉੱਤੇ ਆਏ ਹਨ। ਦਸ ਮੈਂਬਰੀ SCO ਇਸ ਸਾਲ ਆਪਣੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਸੰਗਠਨ ਦੀ ਸਥਾਪਨਾ 2001 ਵਿੱਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੁਆਰਾ ਕੀਤੀ ਗਈ ਸੀ। ਭਾਰਤ ਅਤੇ ਪਾਕਿਸਤਾਨ 2017 ਵਿੱਚ ਪੂਰਨ ਮੈਂਬਰ ਬਣੇ।ਇਸ ਤੋਂ ਬਾਅਦ 2023 ਵਿੱਚ ਈਰਾਨ ਅਤੇ 2024 ਵਿੱਚ ਬੇਲਾਰੂਸ ਇਸ ਸੰਗਠਨ ਵਿੱਚ ਸ਼ਾਮਲ ਹੋਏ।
ਸ਼ਨੀਵਾਰ ਨੂੰ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਇਕ ਬਿਆਨ ‘ਚ ਮੋਦੀ ਨੇ ਕਿਹਾ ਸੀ ਕਿ ਉਹ ‘ਸੁਰੱਖਿਆ, ਸੰਪਰਕ ਅਤੇ ਮੌਕਿਆਂ’ ‘ਤੇ ਆਧਾਰਿਤ ਖੇਤਰ ਲਈ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਤਵਾਦ, ਵੱਖਵਾਦ ਅਤੇ ਕੱਟੜਵਾਦ ਦੇ ਖਤਰੇ ਤੋਂ ਮੁਕਤ ਖੇਤਰ ਬਣਾਉਣ ਲਈ ਸਾਥੀ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਨ। ਮੋਦੀ ਉਜ਼ਬੇਕਿਸਤਾਨ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਬਿਸ਼ਕੇਕ ਪਹੁੰਚ ਗਏ ਹਨ। ਉਸ ਦੌਰੇ ਦੌਰਾਨ, ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਅਤੇ 2030 ਤੱਕ ਸਾਲਾਨਾ ਵਪਾਰ ਨੂੰ 5 ਬਿਲੀਅਨ ਅਮਰੀਕੀ ਡਾਲਰ ਤੱਕ ਵਧਾਉਣ ਦਾ ਟੀਚਾ ਰੱਖਿਆ।











