ਵਿਸ਼ਾਖਾਪਟਨਮ : ਅੱਜ ਦੁਨੀਆ ਭਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਯੋਜਿਤ ਮੁੱਖ ਸਮਾਗਮ ਵਿੱਚ ਹਿੱਸਾ ਲਿਆ ਅਤੇ ਲਗਭਗ 5 ਲੱਖ ਲੋਕਾਂ ਨਾਲ ਯੋਗ ਕੀਤਾ। ਇਹ ਪ੍ਰੋਗਰਾਮ ਸਵੇਰੇ 6:30 ਵਜੇ ਤੋਂ 7:45 ਵਜੇ ਤੱਕ ਚੱਲਿਆ, ਜਿੱਥੇ ਪ੍ਰਧਾਨ ਮੰਤਰੀ ਨੇ ‘ਸਾਂਝੇ ਯੋਗ ਪ੍ਰੋਟੋਕੋਲ’ ਤਹਿਤ ਯੋਗ ਆਸਣ ਕੀਤੇ ਅਤੇ ਲੋਕਾਂ ਨੂੰ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਪ੍ਰਧਾਨ ਮੰਤਰੀ ਨਾਲ ਸਟੇਜ ‘ਤੇ ਯੋਗ ਕਰਦੇ ਦਿਖਾਈ ਦਿੱਤੇ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਯਮੁਨਾ ਦੇ ਕੰਢੇ ‘ਤੇ ਯੋਗ ਕੀਤਾ।
180 ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਯੋਗ ਦਿਵਸ
ਇਸ ਸਾਲ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਵਿੱਚ ਯੋਗ ਦਿਵਸ ਤਹਿਤ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਾਵਾਸਾਂ ਅਤੇ ਸੱਭਿਆਚਾਰਕ ਕੇਂਦਰਾਂ ਵਿੱਚ ਵੀ ਵਿਸ਼ੇਸ਼ ਯੋਗ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।
ਯੋਗ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿਵਾਉਣ ਵਿੱਚ ਭਾਰਤ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ।
ਇਸ ਸਾਲ ਦਾ ਥੀਮ: ‘ਯੋਗਾ ਫਾਰ ਵਨ ਅਰਥ,ਵਨ ਹੈਲਥ’
2025 ਦੇ ਯੋਗ ਦਿਵਸ ਦੀ ਥੀਮ ਹੈ: “ਇਕ ਧਰਤੀ, ਇਕ ਸਿਹਤ ਲਈ ਯੋਗ”
ਇਸਦਾ ਉਦੇਸ਼ ਇਹ ਹੈ ਕਿ ਲੋਕ ਸਮਝਣ ਕਿ ਨਿੱਜੀ ਸਿਹਤ ਅਤੇ ਧਰਤੀ ਦੇ ਵਾਤਾਵਰਣ ਸੰਤੁਲਨ ਵਿਚਕਾਰ ਡੂੰਘਾ ਸਬੰਧ ਹੈ।
ਯੋਗ ਦਿਵਸ ਕਿਵੇਂ ਸ਼ੁਰੂ ਹੋਇਆ?
ਸਾਲ 2014 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ।
ਸਿਰਫ਼ 90 ਦਿਨਾਂ ਦੇ ਅੰਦਰ, 177 ਦੇਸ਼ਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਘੋਸ਼ਿਤ ਕੀਤਾ।
ਪਹਿਲਾ ਯੋਗ ਦਿਵਸ 21 ਜੂਨ 2015 ਨੂੰ ਦੁਨੀਆ ਭਰ ਵਿੱਚ ਮਨਾਇਆ ਗਿਆ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਊਧਮਪੁਰ ਵਿੱਚ ਲੈਣਗੇ ਹਿੱਸਾ
ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ ਅਤੇ ਕਸ਼ਮੀਰ ਦੇ ਊਧਮਪੁਰ ਛਾਉਣੀ ਖੇਤਰ ਵਿੱਚ ਸੈਨਿਕਾਂ ਨਾਲ ਯੋਗਾ ਕਰਨਗੇ।
ਉਹ ਹਥਿਆਰਬੰਦ ਬਲਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਯੋਗ ਨੂੰ ਉਨ੍ਹਾਂ ਦੀ ਤੰਦਰੁਸਤੀ ਦਾ ਇਕ ਮਹੱਤਵਪੂਰਨ ਹਿੱਸਾ ਬਣਾਉਣ ‘ਤੇ ਜ਼ੋਰ ਦੇਣਗੇ।
ਦੇਸ਼ ਭਰ ਵਿੱਚ ਲੱਖਾਂ ਲੋਕ ਕਰਨਗੇ ਯੋਗਾ
ਭਾਰਤ ਵਿੱਚ ਲਗਭਗ 1 ਲੱਖ ਤੋਂ ਵੱਧ ਥਾਵਾਂ ‘ਤੇ ਇਕੋ ਸਮੇਂ ਯੋਗਾ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।
ਸਕੂਲੀ ਬੱਚੇ, ਸਰਕਾਰੀ ਕਰਮਚਾਰੀ, ਪੁਲਿਸ, ਫੌਜ ਅਤੇ ਆਮ ਨਾਗਰਿਕ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ।
ਵਿਸ਼ਾਖਾਪਟਨਮ ਵਿੱਚ ‘ਯੋਗ ਸੰਗਮ’ ਦਾ ਸ਼ਾਨਦਾਰ ਪ੍ਰੋਗਰਾਮ
ਇਸ ਵਾਰ ਮੁੱਖ ਪ੍ਰੋਗਰਾਮ ਦਾ ਨਾਮ “ਯੋਗ ਸੰਗਮ” ਰੱਖਿਆ ਗਿਆ ਹੈ, ਜੋ ਕਿ ਸਮੁੰਦਰ ਕੰਢੇ ਸਥਿਤ ਵਿਸ਼ਾਖਾਪਟਨਮ ਦੇ ਖੁੱਲ੍ਹੇ ਮੈਦਾਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਯੋਗ ਗੁਰੂ, ਖਿਡਾਰੀ, ਫੌਜ ਦੇ ਕਰਮਚਾਰੀ, ਸਕੂਲੀ ਬੱਚੇ ਅਤੇ ਸਥਾਨਕ ਨਾਗਰਿਕ ਸਟੇਜ ‘ਤੇ ਮੌਜੂਦ ਰਹਿਣਗੇ।











