ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ 22 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜੋ 27 ਅਕਤੂਬਰ ਤੱਕ ਚੱਲੇਗਾ। ਇਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ ਪਰਵਿੰਦਰ ਝੋਟਾ ਮਾਮਲਾ, ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਣ ਦੇ ਆਸਾਰ ਹਨ।
ਪਹਿਲੇ ਦਿਨ ਸ਼ਰਧਾਂਜਲੀ, ਫਿਰ ਹੋਵੇਗਾ ਕੰਮਕਾਜ
ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ ਗੈਰ-ਸਰਕਾਰੀ ਕੰਮਕਾਜ ਨਿਬੇੜਿਆ ਜਾਵੇਗਾ। 23 ਅਕਤੂਬਰ ਨੂੰ ਸਰਕਾਰੀ ਕੰਮਕਾਜ ਹੋਵੇਗਾ, ਜਦਕਿ 24 ਅਤੇ 25 ਅਕਤੂਬਰ ਨੂੰ ਹਫ਼ਤਾਵਾਰੀ ਛੁੱਟੀਆਂ ਹੋਣਗੀਆਂ। 26 ਅਕਤੂਬਰ ਨੂੰ ਸਰਕਾਰੀ ਛੁੱਟੀ ਕਾਰਨ ਸਦਨ ਦੀ ਬੈਠਕ ਨਹੀਂ ਹੋਵੇਗੀ। 27 ਅਕਤੂਬਰ ਨੂੰ ਵਿਧਾਨਕ ਕੰਮਕਾਜ ਤੈਅ ਕੀਤਾ ਗਿਆ ਹੈ।
ਝੋਟਾ ਮਾਮਲੇ ’ਤੇ ਸਰਕਾਰ ਨੂੰ ਘੇਰ ਸਕਦੀ ਹੈ ਵਿਰੋਧੀ ਧਿਰ
ਵਿਰੋਧੀ ਧਿਰ ਵੱਲੋਂ ਨਸ਼ਿਆਂ ਦੇ ਮੁੱਦੇ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ’ਤੇ ਸਵਾਲ ਚੁੱਕੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪਰਵਿੰਦਰ ਝੋਟਾ ਮਾਮਲੇ ਵਿੱਚ ਵੀ ਸਦਨ ਅੰਦਰ ਹੰਗਾਮਾ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਘੁੰਮਣ ਸਮੇਤ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸੀਬੀਆਈ ਵੱਲੋਂ ਕੀਤੀਆਂ ਤਲਾਸ਼ੀਆਂ ਦਾ ਮੁੱਦਾ ਵੀ ਚਰਚਾ ਵਿੱਚ ਆ ਸਕਦਾ ਹੈ।
RDA ਬਿੱਲ ਅਤੇ ਬੇਅਦਬੀ ਵਿਰੋਧੀ ਕਾਨੂੰਨ ’ਤੇ ਰਹੇਗੀ ਨਜ਼ਰ
ਸੈਸ਼ਨ ਦੌਰਾਨ ਪੰਜਾਬ ਸਰਕਾਰ ਵੱਲੋਂ ਰਣਜੀਤਗੜ੍ਹ ਵਿਕਾਸ ਅਥਾਰਟੀ (RDA) ਬਿੱਲ ਸਮੇਤ ਹੋਰ ਵਿਧਾਨਕ ਮੁੱਦਿਆਂ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਪਾਸ ਕੀਤੇ ਗਏ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧਾਂ ਦੀ ਸੰਭਾਵਨਾ ਵੀ ਅਹਿਮ ਰਹੇਗੀ।
ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਅਤੇ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤਾ ਵੀ ਸਦਨ ਵਿੱਚ ਚਰਚਾ ਦਾ ਵਿਸ਼ਾ ਬਣ ਸਕਦੇ ਹਨ। ਇਸ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਨ ਦੇ ਸਰਕਾਰ ਦੇ ਵਾਅਦੇ ਤੋਂ ਬਾਅਦ ਇਸ ਸਬੰਧੀ ਮਤਾ ਲਿਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਪਿਛਲੇ ਸੈਸ਼ਨ ਵਿੱਚ ਪਾਸ ਹੋਏ ਸਨ 9 ਬਿੱਲ
ਜ਼ਿਕਰਯੋਗ ਹੈ ਕਿ ਅਗਸਤ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਇੱਕੋ ਦਿਨ ਵਿੱਚ 9 ਬਿੱਲ ਪਾਸ ਕੀਤੇ ਗਏ ਸਨ। ਹੁਣ ਨਵੇਂ ਸੈਸ਼ਨ ਵਿੱਚ ਸਰਕਾਰ ਦੇ ਵਿਧਾਨਕ ਏਜੰਡੇ ਦੇ ਨਾਲ-ਨਾਲ ਵਿਰੋਧੀ ਧਿਰ ਵੱਲੋਂ ਉਠਾਏ ਜਾਣ ਵਾਲੇ ਮੁੱਦਿਆਂ ’ਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ।
