ਫਗਵਾੜਾ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਕੈਂਪਸ ‘ਚ ਵਿਦਿਆਰਥਣ ਨਾਲ ਬਲਾਤਕਾਰ ਦੀ ਅਫਵਾਹ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਚਾਕੂ ਅਤੇ ਕੁਝ ਵਾਕੀ-ਟਾਕੀ ਸੈੱਟ ਬਰਾਮਦ ਹੋਏ ਹਨ। ਫੜੇ ਗਏ ਨੌਜਵਾਨਾਂ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਸਬੰਧਤ ਹੋਰ ਪਹਿਲੂਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
10 ਦਿਨਾਂ ਦੇ ਲਈ ਸਾਰੀਆਂ ਕਲਾਸਾਂ ਵੀ ਮੁਅੱਤਲ
ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੂਚਨਾ ਮਿਲੀ ਹੈ ਕਿ ਅਗਲੇ ਹੁਕਮਾਂ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ 28 ਸਤੰਬਰ ਤੋਂ ਸਾਰੀਆਂ ਜਮਾਤਾਂ ਨੂੰ 10 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀਆਂ ਮਿਡ ਟਰਮ ਪ੍ਰੀਖਿਆਵਾਂ ਵੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਵੱਖ-ਵੱਖ ਰਾਜਾਂ ਤੋਂ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਆਏ ਕਈ ਵਿਦਿਆਰਥੀ ਘਰ ਪਰਤ ਰਹੇ ਹਨ। ਧਿਆਨ ਯੋਗ ਹੈ ਕਿ ਐਤਵਾਰ ਦੇਰ ਰਾਤ ਐਲ.ਪੀ.ਯੂ. ਕੈਂਪਸ ਵਿੱਚ ਪੁਲਿਸ ਅਤੇ ਵਿਦਿਆਰਥੀਆਂ ਵਿਚਕਾਰ ਝੜਪ ਹੋਈ ਸੀ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਵੱਲੋਂ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ ਸੀ।












