ਹਾਪੁੜ: ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿੱਚ ਬੀਤੀ ਰਾਤ ਦਿੱਲੀ-ਲਖਨਊ ਹਾਈਵੇਅ ’ਤੇ ਇੱਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫ਼ਤਾਰ ਟ੍ਰੈਵਲਰ ਬੱਸ ਅਚਾਨਕ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ। ਬੱਸ ਵਿੱਚ ਸਵਾਰ ਕਈ ਸ਼ਰਧਾਲੂ ਜ਼ਖਮੀ ਹੋਣ ਦੀ ਜਾਣਕਾਰੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਬੱਸ ਦਿੱਲੀ ਤੋਂ ਸ਼ਰਧਾਲੂਆਂ ਨੂੰ ਲੈ ਕੇ ਕੈਂਚੀ ਧਾਮ ਅਤੇ ਨੈਨੀਤਾਲ ਵੱਲ ਜਾ ਰਹੀ ਸੀ। ਹਾਦਸੇ ਤੋਂ ਬਾਅਦ ਬੱਸ ਵਿੱਚ ਸਵਾਰ ਕੁਝ ਲੋਕ ਅੰਦਰ ਹੀ ਫਸ ਗਏ, ਜਿਸ ਕਾਰਨ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਸ ਮੁਲਾਜ਼ਮਾਂ ਅਤੇ ਰਾਹਤ ਟੀਮਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹਾਪੁੜ ਦੇ ਹਾਫਿਜ਼ਪੁਰ ਥਾਣਾ ਖੇਤਰ ਅਧੀਨ ਹਾਈਵੇਅ ’ਤੇ ਵਾਪਰਿਆ। ਪੁਲਿਸ ਵੱਲੋਂ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਰੱਖੇ ਗਏ।
ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਵਿੱਚ ਬੱਸ ਦੇ ਬੇਕਾਬੂ ਹੋ ਕੇ ਪਲਟਣ ਦੀ ਗੱਲ ਸਾਹਮਣੇ ਆਈ ਹੈ, ਹਾਲਾਂਕਿ ਹਾਦਸੇ ਦਾ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਹਾਦਸੇ ਸਬੰਧੀ ਪੁਲਿਸ ਵੱਲੋਂ ਬੱਸ ਅਤੇ ਉਸ ਵਿੱਚ ਸਵਾਰ ਯਾਤਰੀਆਂ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।












