ਮਾਨਸਾ: ਐਂਟੀ ਡਰੱਗ ਟਾਸਕ ਫੋਰਸ ਦੇ ਪ੍ਰਮੁੱਖ ਆਗੂ ਪਰਵਿੰਦਰ ਸਿੰਘ ਝੋਟਾ ਦਾ ਬੀਤੇ ਦਿਨ 25ਵੇਂ ਦਿਨ ਚੰਡੀਗੜ੍ਹ ਸਥਿਤ ਪੀ.ਜੀ.ਆਈ. ਵਿੱਚ ਪੋਸਟਮਾਰਟਮ ਕੀਤਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਨੀਵਾਰ, 7 ਨਵੰਬਰ ਨੂੰ ਦੁਪਹਿਰ ਸਮੇਂ ਮਾਨਸਾ ਸਥਿਤ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ 5 ਅਤੇ 6 ਨਵੰਬਰ ਦੀ ਅੱਧੀ ਰਾਤ ਨੂੰ ਚੰਡੀਗੜ੍ਹ ਪੀ.ਜੀ.ਆਈ. ਲਿਆਂਦੀ ਗਈ ਸੀ।
ਪੀ.ਜੀ.ਆਈ. ਵਿੱਚ ਪੰਜ ਡਾਕਟਰਾਂ ਦੀ ਟੀਮ ਨੇ ਡਿਊਟੀ ਮੈਜਿਸਟ੍ਰੇਟ ਅਤੇ ਐੱਸ.ਡੀ.ਐੱਮ. ਚੰਡੀਗੜ੍ਹ ਸੈਂਟਰਲ ਡਾ. ਅਤੁਲ ਦੀ ਨਿਗਰਾਨੀ ਹੇਠ ਪੋਸਟਮਾਰਟਮ ਕੀਤਾ। ਪੋਸਟਮਾਰਟਮ ਦੀ ਪ੍ਰਕਿਿਰਆ ਦੇਰੀ ਨਾਲ ਸ਼ੁਰੂ ਹੋਈ। ਇਸ ਤੋਂ ਪਹਿਲਾਂ ਜ਼ਰੂਰੀ ਕਾਗਜ਼ੀ ਕਾਰਵਾਈ ਵਿੱਚ ਕਾਫ਼ੀ ਸਮਾਂ ਲੱਗਾ।
ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਅੰਤਿਮ ਸਸਕਾਰ ਜੱਦੀ ਖੇਤਾਂ ਵਿੱਚ ਹੀ ਕੀਤਾ ਜਾਵੇਗਾ। ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਅਤੇ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕੁਝ ਲੋਕ ਉਨ੍ਹਾਂ ‘ਤੇ 2 ਕਰੋੜ ਰੁਪਏ ਅਤੇ ਨੌਕਰੀ ਲੈ ਕੇ ਸਮਝੌਤਾ ਕਰਨ ਸਬੰਧੀ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਉਨ੍ਹਾਂ ਨੂੰ ਗੋਲੀ ਮਾਰ ਦੇਣ, ਪਰ ਉਹ ਕਿਸੇ ਵੀ ਲਾਲਚ ਵਿੱਚ ਆ ਕੇ ਸਮਝੌਤਾ ਨਹੀਂ ਕਰਨਗੇ।
ਪਰਿਵਾਰ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਪਰਵਿੰਦਰ ਝੋਟਾ ਨੂੰ ਸੁਰੱਖਿਆ ਲਈ ਗਨਮੈਨਾਂ ਦੀ ਲੋੜ ਸੀ, ਉਦੋਂ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਹੁਣ ਉਨ੍ਹਾਂ ਦੇ ਆਲੇ-ਦੁਆਲੇ ਗਨਮੈਨਾਂ ਦੀ ਪੂਰੀ ਫੌਜ ਤਾਇਨਾਤ ਕਰ ਦਿੱਤੀ ਗਈ ਹੈ।
ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਅੰਨ-ਜਲ ਤਿਆਗ ਦਿੱਤਾ ਹੈ ਅਤੇ ਸਰਕਾਰ ਖ਼ਿਲਾਫ਼ ਨਸ਼ਿਆਂ ਵਿਰੁੱਧ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਨੂੰ ਨਾ ਤਾਂ ਸਰਕਾਰ ਦੇ ਪੈਸੇ ਚਾਹੀਦੇ ਹਨ ਅਤੇ ਨਾ ਹੀ ਨੌਕਰੀ।
ਉੱਧਰ, ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਸਿਰਸਾ-ਲੁਧਿਆਣਾ ਮੁੱਖ ਮਾਰਗ ‘ਤੇ ਪਰਵਿੰਦਰ ਝੋਟਾ ਦੇ ਸਮਰਥਨ ਵਿੱਚ ਚੱਲ ਰਿਹਾ ਧਰਨਾ 25ਵੇਂ ਦਿਨ ਵੀ ਜਾਰੀ ਰਿਹਾ।









