ਪਟਿਆਲਾ: ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਵਿੱਚ ਕੀੜੇ ਆਉਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਲੋਕਾਂ ਨੇ ਨਿਗਮ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੀ ਬੈਂਕ ਕਲੋਨੀ ਵਿੱਚ ਪੀਣ ਵਾਲੇ ਪਾਣੀ ਵਿੱਚ ਕੀੜੇ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਘਰਾਂ ਵਿੱਚ ਆਉਣ ਵਾਲੇ ਪੀਣ ਵਾਲੇ ਪਾਣੀ ਵਿੱਚ ਕੀੜੇ-ਮਕੌੜੇ ਘੁੰਮਦੇ ਦੇਖੇ ਗਏ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਘਰਾਂ ਵਿੱਚ ਸਪਲਾਈ ਹੋ ਰਹੇ ਪਾਣੀ ਵਿੱਚ ਕੀੜੇ ਨਿਕਲ ਰਹੇ ਹਨ , ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਲਈ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ। ਇਸ ਗੰਦੇ ਪਾਣੀ ਨੂੰ ਪੀਣ ਨਾਲ ਬੱਚੇ ਅਤੇ ਬਜ਼ੁਰਗ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਮੱਸਿਆ ਬਾਰੇ ਕਈ ਵਾਰ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਪਰ ਅੱਜ ਤੱਕ ਕੋਈ ਸਥਾਈ ਹੱਲ ਨਹੀਂ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤਾਂ ’ਤੇ ਰਸਮੀ ਕਾਰਵਾਈ ਕਰਕੇ ਹੀ ਫਾਈਲਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ।
ਲੋਕਾਂ ਨੇ ਪ੍ਰਸ਼ਾਸਨ ਅੱਗੇ ਸਵਾਲ ਉਠਾਏ ਕਿ ਜੇਕਰ ਇਹ ਦੂਸ਼ਿਤ ਪਾਣੀ ਅਧਿਕਾਰੀਆਂ ਦੇ ਘਰਾਂ ਤੱਕ ਪਹੁੰਚਦਾ ਹੈ ਤਾਂ ਕੀ ਉਹ ਇਹ ਪਾਣੀ ਆਪਣੇ ਪਰਿਵਾਰਾਂ ਨੂੰ ਪਿਲਾਉਣਗੇ? ਉਨ੍ਹਾਂ ਪ੍ਰਸ਼ਾਸਨ ਤੋਂ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਸਮੱਸਿਆ ਦੇ ਸਥਾਈ ਹੱਲ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।











