ਇੰਫਾਲ: ਮਣੀਪੁਰ ‘ਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਮੁਹਿੰਮ ‘ਚ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਵੱਖ-ਵੱਖ ਘਟਨਾਵਾਂ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਲੱਖਾਂ ਰੁਪਏ ਦੀ ਅਫ਼ੀਮ ਅਤੇ ਬਰਾਊਨ ਸ਼ੂਗਰ ਬਰਾਮਦ ਕੀਤੀ ਗਈ ਹੈ । ਪੁਲਿਸ ਨੇ ਅੱਜ ਜਾਰੀ ਬਿਆਨ ‘ਚ ਕਿਹਾ ਕਿ ਬੀਤੇ ਦਿਨ ਚੂਰਾਚੰਦਪੁਰ ਜ਼ਿਲ੍ਹੇ ‘ਚ ਇਕ 43 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ ‘ਚੋਂ 13.2 ਕਿਲੋ ਅਫੀਮ ਬਰਾਮਦ ਕੀਤੀ ਗਈ।
ਇਸ ਵਿਚ ਕਿਹਾ ਗਿਆ ਹੈ ਕਿ ਫੜੇ ਗਏ ਵਿਅਕਤੀ ਦੀ ਪਛਾਣ ਸੀਖੋਗਿਨ ਮੇਟ ਵਜੋਂ ਹੋਈ ਹੈ। ਉਸ ਨੂੰ ਚੂਰਾਚੰਦਪੁਰ ਜ਼ਿਲ੍ਹੇ ਦੇ ਸੰਗਾਈਕੋਟ ਸਬ-ਡਿਵੀਜ਼ਨ ਦੇ ਟੀ. ਖੁਆਂਖਾਈ ਪਿੰਡ ਵਿੱਚ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ । ਪੁਲਿਸ ਨੇ ਦੱਸਿਆ ਕਿ ਉਸ ਦੇ ਘਰੋਂ ਹੀ ਅਫੀਮ ਬਰਾਮਦ ਹੋਈ ਹੈ। ਇੱਕ ਹੋਰ ਘਟਨਾ ਵਿੱਚ ਪੁਲਿਸ ਨੇ ਆਸਾਮ ਦੇ ਵਸਨੀਕ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 80 ਗ੍ਰਾਮ ਬਰਾਊਨ ਸ਼ੂਗਰ ਬਰਾਮਦ ਕੀਤੀ ।
ਇਹ ਕਾਰਵਾਈ ਬੀਤੇ ਦਿਨ ਸੈਨਾਪਤੀ ਜ਼ਿਲ੍ਹੇ ਵਿੱਚ ਕੀਤੀ ਗਈ। ਫੜੇ ਗਏ ਵਿਅਕਤੀ ਦੀ ਪਛਾਣ ਅਰੁਣ ਦੱਤਾ (50) ਵਾਸੀ ਡਿਬਰੂਗੜ੍ਹ, ਆਸਾਮ ਵਜੋਂ ਹੋਈ ਹੈ। ਟੀ.ਖੁੱਲੇਨ ਚੈੱਕ ਪੋਸਟ ‘ਤੇ ਤਲਾਸ਼ੀ ਮੁਹਿੰਮ ਦੌਰਾਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਸ ਦੇ ਕਬਜ਼ੇ ‘ਚੋਂ ਅੱਠ ਸਾਬਣ ਦੇ ਡੱਬਿਆਂ ‘ਚ ਛੁਪਾ ਕੇ ਰੱਖੀ ਗਈ ਕੁੱਲ 80 ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਹੋਈ ਹੈ।












