ਪੰਜਾਬ : ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇੱਕ ਵਾਰ ਫਿਰ ਪੰਜਾਬ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਬੋਹਰ, ਫਾਜ਼ਿਲਕਾ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ, ਜਿਸ ਤੋਂ ਬਾਅਦ ਸਕੂਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਅਬੋਹਰ ਦੇ ਅਜੈਮਸਨ ਕਾਨਵੈਂਟ ਸਕੂਲ, ਡੀ.ਏ.ਵੀ. ਸਕੂਲ ਅਤੇ ਹੋਰ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਲਰਟ ‘ਤੇ ਹੈ ਅਤੇ ਸਕੂਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਨੂੰ ਮਿਲੀਆਂ ਈ-ਮੇਲਾਂ ‘ਚ ਅੱਜ ਦੁਪਹਿਰ 1:30 ਵਜੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਸਕੂਲ ਖੁੱਲ੍ਹਦੇ ਹੀ ਇਹ ਈ-ਮੇਲਾਂ ਸਵੇਰੇ 8:51 ਵਜੇ ਪ੍ਰਾਪਤ ਹੋਈਆਂ। ਧਮਕੀ ਭਰੀਆਂ ਈ-ਮੇਲਾਂ ਮਿਲਦੇ ਹੀ ਸਕੂਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮਾਪਿਆਂ ਨੂੰ ਤੁਰੰਤ ਇਸ ਬਾਰੇ ਸੂਚਿਤ ਕੀਤਾ ਗਿਆ ਅਤੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਮੋਗਾ, ਮੋਹਾਲੀ ਅਤੇ ਚੰਡੀਗੜ੍ਹ ਆਦਿ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।











