ਨਵੀਂ ਦਿੱਲੀ: ਅੱਜ 5 ਸਤੰਬਰ ਨੂੰ ਦੇਸ਼ ਭਰ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਟੀਚਰਜ਼ ਐਵਾਰਡ ਜੇਤੂ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਦੇ ਬਿਹਤਰ ਭਵਿੱਖ ਅਤੇ ਉਨ੍ਹਾਂ ਦੀਆਂ ਵੱਖ-ਵੱਖ ਪ੍ਰਤਿਭਾਵਾਂ ਨੂੰ ਪਛਾਣਨ ਸਬੰਧੀ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ।
PM ਮੋਦੀ ਨੇ ਕਿਹਾ ਕਿ ਹੋ ਸਕਦਾ ਹੈ ਕੋਈ ਬੱਚਾ ਪੜ੍ਹਾਈ ਵਿੱਚ ਬਹੁਤ ਵਧੀਆ ਨਾ ਹੋਵੇ, ਪਰ ਪਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਖਾਸ ਸਮਰੱਥਾ ਜ਼ਰੂਰ ਦਿੱਤੀ ਹੁੰਦੀ ਹੈ। ਉਨ੍ਹਾਂ ਨੇ ਅਧਿਆਪਕਾਂ ਤੋਂ ਪੁੱਛਿਆ ਕਿ ਕੀ ਉਹ ਬੱਚਿਆਂ ਦੇ ਟੈਲੈਂਟ ਨੂੰ ਪਛਾਣਨ ਲਈ ਖਾਸ ਕੋਸ਼ਿਸ਼ ਕਰਦੇ ਹਨ।
ਇਸ ’ਤੇ ਅਧਿਆਪਕਾਂ ਨੇ ਦੱਸਿਆ ਕਿ ਹਰ ਬੱਚੇ ਵਿੱਚ ਵੱਖਰੀ ਖੂਬੀ, ਟੈਲੈਂਟ ਅਤੇ ਚੁਣੌਤੀ ਹੁੰਦੀ ਹੈ ਅਤੇ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਨ੍ਹਾਂ ਪ੍ਰਤਿਭਾਵਾਂ ਨੂੰ ਪਛਾਣ ਕੇ ਬੱਚਿਆਂ ਨੂੰ ਅੱਗੇ ਵਧਣ ਲਈ ਮੌਕੇ ਦੇਵੇ।
ਬ੍ਰੈਸਟ ਕੈਂਸਰ ਜਾਗਰੂਕਤਾ ਮੁਹਿੰਮ ਦਾ ਵੀ ਕੀਤਾ ਜ਼ਿਕਰ
ਗੱਲਬਾਤ ਦੌਰਾਨ ਇੱਕ ਅਧਿਆਪਕ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਦਾ ਵਿਸ਼ਾ ਬ੍ਰੈਸਟ ਕੈਂਸਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਗਰੂਕਤਾ ਅਤੇ ਸਿਹਤ ਜਾਂਚ ਨੂੰ ਲੈ ਕੇ ਅਜੇ ਵੀ ਕਈ ਮਹਿਲਾਵਾਂ ਗੱਲ ਕਰਨ ਤੋਂ ਹਿਚਕਚਾਉਂਦੀਆਂ ਹਨ। ਇਸ ’ਤੇ PM ਮੋਦੀ ਨੇ ਕਾਸ਼ੀ ਵਿੱਚ ਚਲਾਈ ਗਈ ਬ੍ਰੈਸਟ ਕੈਂਸਰ ਜਾਗਰੂਕਤਾ ਮੁਹਿੰਮ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਹੁਣ ਮਹਿਲਾਵਾਂ ਖੁਦ ਅੱਗੇ ਆ ਕੇ ਸਿਹਤ ਜਾਂਚ ਕਰਵਾ ਰਹੀਆਂ ਹਨ ਅਤੇ ਜਾਗਰੂਕਤਾ ਵਧੀ ਹੈ।
‘ਸਕ੍ਰੀਨ ਟਾਈਮ ਇੱਕ ਤਰ੍ਹਾਂ ਦੀ ਐਡਿਕਸ਼ਨ ਬਣ ਗਿਆ’
ਬੱਚਿਆਂ ਦੇ ਵਧਦੇ ਸਕ੍ਰੀਨ ਟਾਈਮ ’ਤੇ ਵੀ PM ਮੋਦੀ ਨੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਕ੍ਰੀਨ ਟਾਈਮ ਇੱਕ ਤਰ੍ਹਾਂ ਦੀ ਆਦਤ ਜਾਂ ਐਡਿਕਸ਼ਨ ਬਣਦਾ ਜਾ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜੇ ਬੱਚਿਆਂ ਦੀ ਦਿਲਚਸਪੀ ਖੇਡਾਂ ਅਤੇ ਮੈਦਾਨੀ ਗਤੀਵਿਧੀਆਂ ਵਿੱਚ ਵਧਾਈ ਜਾਵੇ ਤਾਂ ਉਹ ਹੌਲੀ-ਹੌਲੀ ਸਕ੍ਰੀਨ ਤੋਂ ਦੂਰ ਹੋ ਸਕਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ।
‘ਬੱਚਿਆਂ ਦਾ ਬਚਪਨ ਮਰਨ ਨਹੀਂ ਦੇਣਾ’
ਅਧਿਆਪਕ ਦਿਵਸ ਮੌਕੇ ਆਪਣੇ ਸੰਦੇਸ਼ ਵਿੱਚ PM ਮੋਦੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਰਫ਼ ਕਿਤਾਬਾਂ ਅਤੇ ਸਿਲੇਬਸ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਬੱਚਿਆਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਵੀ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ “ਬੱਚਿਆਂ ਦਾ ਬਚਪਨ ਮਰਨ ਨਹੀਂ ਦੇਣਾ ਚਾਹੀਦਾ।” PM ਮੋਦੀ ਨੇ ਕਿਹਾ ਕਿ ਬੱਚਿਆਂ ਦੇ ਅੰਦਰਲੇ ਬਚਪਨ ਨੂੰ ਜ਼ਿੰਦਾ ਰੱਖਣ ਵਿੱਚ ਅਧਿਆਪਕ ਦੀ ਵੱਡੀ ਭੂਮਿਕਾ ਹੁੰਦੀ ਹੈ। ਅੰਤ ਵਿੱਚ ਪ੍ਰਧਾਨ ਮੰਤਰੀ ਨੇ ਨੈਸ਼ਨਲ ਟੀਚਰਜ਼ ਐਵਾਰਡ ਜੇਤੂ ਸਾਰੇ ਅਧਿਆਪਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।












