ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਕ ਸੇਵਾ ਵਿੱਚ 25 ਸਾਲ ਪੂਰੇ ਹੋਣ ਮੌਕੇ ਕਰਵਾਏ ਗਏ ‘ਸੇਵਾ ਜੋਤੀ’ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਿਆਸੀ ਅਤੇ ਜਨਤਕ ਜੀਵਨ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਲੰਮਾ ਸਫ਼ਰ ਦੇਸ਼ਵਾਸੀਆਂ ਦੇ ਲਗਾਤਾਰ ਪਿਆਰ, ਭਰੋਸੇ ਅਤੇ ਆਸ਼ੀਰਵਾਦ ਸਦਕਾ ਸੰਭਵ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 7 ਅਕਤੂਬਰ 2001 ਨੂੰ ਜਦੋਂ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਸ ਸਮੇਂ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਲੋਕਾਂ ਦੇ ਨਿਰੰਤਰ ਸਮਰਥਨ ਦਾ ਨਤੀਜਾ ਹੈ। ਇਸ ਮੌਕੇ ਉਨ੍ਹਾਂ ਨੇ ਭਾਜਪਾ, ਐਨਡੀਏ ਅਤੇ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
25 ਸਾਲਾਂ ਦਾ ਤਜ਼ਰਬਾ ਦੇਸ਼ ਦੀ ਵੱਡੀ ਪੂੰਜੀ: ਮੋਦੀ
ਮੋਦੀ ਨੇ ਕਿਹਾ ਕਿ ਜਨਤਕ ਜੀਵਨ ਦੇ 25 ਸਾਲਾਂ ਦੌਰਾਨ ਮਿਲਿਆ ਤਜ਼ਰਬਾ ਅਤੇ ਲੋਕਾਂ ਦਾ ਭਰੋਸਾ ਉਨ੍ਹਾਂ ਲਈ ਬਹੁਤ ਵੱਡੀ ਪੂੰਜੀ ਹੈ। ਉਨ੍ਹਾਂ ਕਿਹਾ ਕਿ ਇਹ ਪੂੰਜੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਹੈ ਅਤੇ ਭਾਰਤ ਮਾਤਾ ਦਾ ਹਰ ਬੱਚਾ ਇਸ ਦਾ ਹੱਕਦਾਰ ਹੈ।
ਉਨ੍ਹਾਂ ਆਪਣੇ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਕੁਝ ਨਵਾਂ ਸਿੱਖਣ ਦੀ ਉਤਸੁਕਤਾ ਉਨ੍ਹਾਂ ਦੇ ਜੀਵਨ ਦਾ ਹਿੱਸਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਆਪ ਨੂੰ ਇੱਕ ਵਿਦਿਆਰਥੀ ਹੀ ਮੰਨਦੇ ਹਨ ਅਤੇ ਲਗਾਤਾਰ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।
ਵਿਰੋਧ ਅਤੇ ਮੁਸ਼ਕਲਾਂ ਨੇ ਵੀ ਬਹੁਤ ਕੁਝ ਸਿਖਾਇਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਮੁੜ ਕੇ ਦੇਖਣ ’ਤੇ ਉਨ੍ਹਾਂ ਨੂੰ ਆਪਣੇ ਜੀਵਨ ਦੇ ਹਰ ਪੜਾਅ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਮੁਤਾਬਕ ਮੁਸ਼ਕਲਾਂ ਨੇ ਨਿਮਰ ਰਹਿਣਾ ਸਿਖਾਇਆ, ਵਿਰੋਧੀਆਂ ਨੇ ਲੋਕਤੰਤਰ ਦੀ ਤਾਕਤ ਦਾ ਅਹਿਸਾਸ ਕਰਵਾਇਆ ਅਤੇ ਸੰਕਟਾਂ ਨੇ ਸਬਰ ਦੀ ਪਰਖ ਕੀਤੀ।
ਉਨ੍ਹਾਂ ਕਿਹਾ ਕਿ ਹਰ ਉਪਲਬਧੀ ਨੇ ਉਨ੍ਹਾਂ ਨੂੰ ਹੋਰ ਵੱਡੇ ਟੀਚਿਆਂ ਵੱਲ ਵਧਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਲਈ ਜਨਤਕ ਜੀਵਨ ਦਾ ਹਰ ਤਜਰਬਾ ਇੱਕ ਸਬਕ ਬਣਿਆ ਹੈ।
ਚੰਦਰਯਾਨ ਅਤੇ ਕੋਰੋਨਾ ਤੋਂ ਵੀ ਮਿਲੇ ਸਬਕ
ਮੋਦੀ ਨੇ ਕਿਹਾ ਕਿ ਚੰਦਰਯਾਨ ਮਿਸ਼ਨ ਨੇ ਉਨ੍ਹਾਂ ਨੂੰ ਅਸਫਲਤਾ ਤੋਂ ਬਾਅਦ ਮੁੜ ਖੜ੍ਹੇ ਹੋਣ ਦੀ ਪ੍ਰੇਰਣਾ ਦਿੱਤੀ, ਜਦਕਿ ਕੋਰੋਨਾ ਮਹਾਮਾਰੀ ਨੇ ਸਮੂਹਿਕ ਚੇਤਨਾ ਅਤੇ ਇਕੱਠੇ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਸਬਕ ਦਿੱਤਾ।
ਉਨ੍ਹਾਂ ਕਿਹਾ ਕਿ ਮੀਡੀਆ ਨਾਲ ਮਿਲੇ ਤਜ਼ਰਬਿਆਂ ਨੇ ਵੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਅੱਗੇ ਵਧਣਾ ਸਿਖਾਇਆ। ਪਿੰਡਾਂ ਅਤੇ ਗਰੀਬ ਵਰਗ ਦੇ ਲੋਕਾਂ ਤੋਂ ਮਿਲੀ ਪ੍ਰੇਰਣਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰੋਤ ਭਾਵੇਂ ਸੀਮਤ ਹੋਣ, ਪਰ ਸੁਪਨੇ ਵੱਡੇ ਅਤੇ ਹੌਸਲੇ ਬੁਲੰਦ ਹੋਣੇ ਚਾਹੀਦੇ ਹਨ।
“ਅਸੀਂ ਸੇਵਕ ਹਾਂ, ਸੇਵਾ ਹੀ ਸਾਡਾ ਧਰਮ ਹੈ”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਪਰੰਪਰਾ ਅਤੇ ਮਹਾਨ ਵਿਚਾਰਧਾਰਾ ਨੇ ਉਨ੍ਹਾਂ ਨੂੰ ਕਦੇ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਵੇਦਾਂ ਤੋਂ ਲੈ ਕੇ ਸਵਾਮੀ ਵਿਵੇਕਾਨੰਦ ਤੱਕ ਮਨੁੱਖਤਾ ਨੂੰ ਮਹਾਨ ਵਿਚਾਰ ਦਿੱਤੇ ਹਨ।
ਮੋਦੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਸੇਵਕ ਮੰਨਦੇ ਹਨ ਅਤੇ ਲੋਕਾਂ ਦੀ ਸੇਵਾ ਨੂੰ ਹੀ ਆਪਣਾ ਧਰਮ ਸਮਝਦੇ ਹਨ। ਉਨ੍ਹਾਂ ਅਨੁਸਾਰ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਜਨਤਕ ਜੀਵਨ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।









