ਚੰਡੀਗੜ੍ਹ : ਰੇਲ ਸਫ਼ਰ ਦੌਰਾਨ ਯਾਤਰੀਆਂ ਦੀ ਅਚਾਨਕ ਸਿਹਤ ਵਿਗੜਨ ਦੀ ਸੂਰਤ ਵਿੱਚ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਲਈ ਉੱਤਰ ਰੇਲਵੇ ਦੇ ਅੰਬਾਲਾ ਮੰਡਲ ਨੇ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਲਗਭਗ 1.52 ਕਰੋੜ ਰੁਪਏ ਦੀ ਲਾਗਤ ਵਾਲੇ ਸੁਰੱਖਿਆ ਪ੍ਰੋਜੈਕਟ ਤਹਿਤ ਮੰਡਲ ਅਧੀਨ ਚੱਲਣ ਵਾਲੀਆਂ ਪ੍ਰਮੁੱਖ ਪੈਸੰਜਰ ਟਰੇਨਾਂ ਅਤੇ ਰੇਲਵੇ ਸਟੇਸ਼ਨਾਂ ‘ਤੇ 60 ਐਮਰਜੈਂਸੀ ਮੈਡੀਕਲ ਬਾਕਸ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਕਦਮ ਨਾਲ ਖਾਸ ਤੌਰ ‘ਤੇ ਚੰਡੀਗੜ੍ਹ ਅਤੇ ਕਾਲਕਾ ਤੋਂ ਸਫ਼ਰ ਕਰਨ ਵਾਲੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ, ਮਨਜ਼ੂਰ ਕੀਤੇ ਗਏ ਕੁੱਲ 60 ਮੈਡੀਕਲ ਬਾਕਸਾਂ ਵਿੱਚੋਂ 23 ਬਾਕਸ ਪਹਿਲਾਂ ਹੀ ਚੰਡੀਗੜ੍ਹ, ਅੰਬਾਲਾ ਛਾਉਣੀ, ਬਠਿੰਡਾ ਅਤੇ ਕਾਲਕਾ ਤੋਂ ਚੱਲਣ ਵਾਲੀਆਂ ਚੋਣਵੀਆਂ ਯਾਤਰੀ ਰੇਲਗੱਡੀਆਂ ਵਿੱਚ ਰੱਖ ਦਿੱਤੇ ਗਏ ਹਨ। ਬਾਕੀ ਰਹਿੰਦੇ 37 ਮੈਡੀਕਲ ਬਾਕਸ ਮੰਡਲ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ‘ਤੇ ਸਥਾਪਤ ਕੀਤੇ ਜਾ ਰਹੇ ਹਨ, ਤਾਂ ਜੋ ਸਟੇਸ਼ਨ ਕੰਪਲੈਕਸ ਜਾਂ ਸਫ਼ਰ ਦੌਰਾਨ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਤੁਰੰਤ ਫਸਟ-ਏਡ ਦੀ ਸਹੂਲਤ ਮਿਲ ਸਕੇ। ਇਹ ਸਮੁੱਚੀ ਵਿਵਸਥਾ ਰੇਲਵੇ ਬੋਰਡ, ਮੈਡੀਕਲ ਡਾਇਰੈਕਟੋਰੇਟ ਦੀਆਂ ਹਦਾਇਤਾਂ ਅਤੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਮਲ ਵਿੱਚ ਲਿਆਂਦੀ ਗਈ ਹੈ।
ਇਨ੍ਹਾਂ ਮੈਡੀਕਲ ਬਾਕਸਾਂ ਦੀ ਸਹੀ ਸਾਂਭ-ਸੰਭਾਲ ਅਤੇ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਸਖ਼ਤ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ। ਸਟੇਸ਼ਨਾਂ ‘ਤੇ ਰੱਖੇ ਜਾਣ ਵਾਲੇ ਬਾਕਸਾਂ ਦੀ ਸੁਰੱਖਿਆ ਅਤੇ ਰੱਖ-ਰਖਾਅ ਲਈ ਸਟੇਸ਼ਨ ਸੁਪਰਡੈਂਟ ਜਾਂ ਸਟੇਸ਼ਨ ਮਾਸਟਰ ਜਵਾਬਦੇਹ ਹੋਣਗੇ, ਜਦਕਿ ਚੱਲਦੀਆਂ ਟਰੇਨਾਂ ਵਿੱਚ ਇਨ੍ਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਟਰੇਨ ਸੁਪਰਡੈਂਟ ਜਾਂ ਟੀ.ਟੀ.ਈ. (ਟ੍ਰੈਵਲਿੰਗ ਟਿਕਟ ਐਗਜ਼ਾਮੀਨਰ) ਨੂੰ ਸੌਂਪੀ ਗਈ ਹੈ। ਇਸੇ ਲੜੀ ਤਹਿਤ ਸਿਹਤ ਸਹੂਲਤਾਂ ਦਾ ਵਿਸਥਾਰ ਕਰਦਿਆਂ ਅੰਬਾਲਾ ਦੇ ਮੰਡਲ ਰੇਲ ਪ੍ਰਬੰਧਕ (ਡੀ.ਆਰ.ਐੱਮ.) ਵਿਨੋਦ ਭਾਟੀਆ ਨੇ ਮੰਡਲ ਰੇਲਵੇ ਹਸਪਤਾਲ ਵਿਖੇ ਮਰੀਜ਼ਾਂ ਲਈ ਨਵੇਂ ਕੈਬਿਨਾਂ ਦਾ ਨੀਂਹ ਪੱਥਰ ਵੀ ਰੱਖਿਆ ਹੈ, ਜਿਸ ਨਾਲ ਰੇਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਇਲਾਜ ਮਿਲ ਸਕੇਗਾ।










