ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ , ਸੋਮਵਾਰ ਨੂੰ ਕਿਹਾ ਕਿ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ, “ਸਾਡਾ ਹਵਾਈ ਅੱਡਾ ਤਿਆਰ ਹੈ।
ਹਵਾਈ ਅੱਡੇ ਦੇ ਲਾਇਸੈਂਸ ਨਾਲ ਸਬੰਧਤ ਰਸਮਾਂ ਅੰਤਿਮ ਪੜਾਅ ਵਿੱਚ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸ ਮਹੀਨੇ ਪ੍ਰਧਾਨ ਮੰਤਰੀ ਦੁਆਰਾ ਹਵਾਈ ਅੱਡੇ ਦਾ ਉਦਘਾਟਨ ਕੀਤਾ ਜਾਵੇਗਾ।” ਇਹ ਹਵਾਈ ਅੱਡਾ ਰਾਜ ਦਾ ਪੰਜਵਾਂ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ। ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ ਇੱਕ ‘ਗ੍ਰੀਨਫੀਲਡ’ ਪ੍ਰੋਜੈਕਟ ਹੈ ਜੋ ਜਨਤਕ-ਨਿੱਜੀ ਭਾਈਵਾਲੀ (ਪੀ.ਪੀ.ਪੀ.) ਮਾਡਲ ਦੇ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ।
ਲਗਭਗ 1,300 ਹੈਕਟੇਅਰ ਵਿੱਚ ਫੈਲੇ ਇਸ ਪ੍ਰੋਜੈਕਟ ਦਾ ਪਹਿਲਾ ਪੜਾਅ ਸਤੰਬਰ 2024 ਵਿੱਚ ਸ਼ੁਰੂ ਹੋਣਾ ਸੀ, ਪਰ ਕੰਮ ਅਧੂਰਾ ਹੋਣ ਕਾਰਨ ਇਸ ਵਿੱਚ ਦੇਰੀ ਹੋਈ ਅਤੇ ਸਮਾਂ ਸੀਮਾ ਕਈ ਵਾਰ ਵਧਾਈ ਗਈ।












