ਲੁਧਿਆਣਾ : ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਵੱਲੋਂ ਪੀ.ਐੱਮ ਪੋਸ਼ਣ ਸਕੀਮ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੁਪਹਿਰ ਦੇ ਭੋਜਨ ਲਈ ਨਵਾਂ ਹਫ਼ਤਾਵਾਰੀ ਮੀਨੂ ਜਾਰੀ ਕੀਤਾ ਗਿਆ ਹੈ। ਸੁਸਾਇਟੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਨਵਾਂ ਮੀਨੂ 1 ਜੁਲਾਈ ਤੋਂ ਲਾਗੂ ਹੋ ਗਿਆ ਹੈ। ਵਿਭਾਗ ਨੇ ਹਦਾਇਤਾਂ ਦਿੱਤੀਆਂ ਹਨ ਕਿ ਸਕੂਲ ਵਿਦਿਆਰਥੀਆਂ ਨੂੰ ਕਤਾਰ ਵਿੱਚ ਬਿਠਾ ਕੇ ਮਿਡ-ਡੇ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਅਨੁਸਾਰ ਭੋਜਨ ਖੁਆਉਣਾ ਯਕੀਨੀ ਬਣਾਉਣ। ਜੇਕਰ ਕਿਸੇ ਸਕੂਲ ਵਿੱਚ ਮੀਨੂ ਦੀ ਪਾਲਣਾ ਨਹੀਂ ਕੀਤੀ ਜਾਂਦੀ ਜਾਂ ਨਿਯਮਾਂ ਦੀ ਅਣਦੇਖੀ ਹੁੰਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਇਸ ਤੋਂ ਇਲਾਵਾ ‘ਅਤਿਥੀ ਭੋਜਨ’ ਤਹਿਤ ਪਿੰਡ ਦੇ ਸਰਪੰਚ, ਦਾਨੀ ਸੱਜਣਾਂ ਅਤੇ ਪਤਵੰਤੇ ਵਿਅਕਤੀਆਂ ਦੇ ਸਹਿਯੋਗ ਨਾਲ ਖਾਸ ਮੌਕਿਆਂ ‘ਤੇ ਵਿਦਿਆਰਥੀਆਂ ਨੂੰ ਵਾਧੂ ਪੌਸ਼ਟਿਕ ਭੋਜਨ, ਫਲ ਜਾਂ ਮਿਠਾਈ ਮੁਹੱਈਆ ਕਰਵਾਉਣ ਦੇ ਯਤਨ ਕਰਨ ਲਈ ਵੀ ਕਿਹਾ ਗਿਆ ਹੈ।
ਸੋਮਵਾਰ : ਦਾਲ ਅਤੇ ਰੋਟੀ।
ਮੰਗਲਵਾਰ : ਰਾਜਮਾਹ-ਚਾਵਲ ਅਤੇ ਖੀਰ।
ਬੁੱਧਵਾਰ : ਕਾਲੇ ਚਣੇ/ਚਿੱਟੇ ਚਣੇ (ਆਲੂ ਮਿਲਾ ਕੇ) ਅਤੇ ਪੂਰੀ ਜਾਂ ਰੋਟੀ।
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਨਾਲ) ਅਤੇ ਚਾਵਲ।
ਸ਼ੁੱਕਰਵਾਰ : ਮੌਸਮੀ ਸਬਜ਼ੀ ਅਤੇ ਰੋਟੀ।
ਸ਼ਨੀਵਾਰ : ਸਾਬਤ ਮਾਂਹ ਦੀ ਦਾਲ, ਚਾਵਲ ਅਤੇ ਮੌਸਮੀ ਫਲ।
