ਨਵੀਂ ਦਿੱਲੀ: ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਭਾਰਤ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਬੀਤੇ ਦਿਨ ਨਵੀਂ ਦਿੱਲੀ ਪਹੁੰਚੇ ਸ਼ਾਹ ਦਾ ਅੱਜ ਰਾਸ਼ਟਰਪਤੀ ਭਵਨ ਵਿੱਚ ਰਵਾਇਤੀ ਢੰਗ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹੇ। ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਰਾਸ਼ਟਰਪਤੀ ਭਵਨ ਵਿੱਚ ਸਵਾਗਤ ਸਮਾਰੋਹ ਤੋਂ ਬਾਅਦ ਹੁਣ ਨੇਪਾਲ ਦੇ ਪ੍ਰਧਾਨ ਮੰਤਰੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਹੋਣੀ ਹੈ। ਇਸ ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਸੰਪਰਕ ਸਹੂਲਤਾਂ, ਵਪਾਰ, ਆਵਾਜਾਈ, ਵਣਜ, ਊਰਜਾ, ਸੱਭਿਆਚਾਰ, ਸਿੱਖਿਆ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਆਪਸੀ ਸਬੰਧ ਸ਼ਾਮਲ ਹਨ।
ਭਾਰਤ ਪਹੁੰਚਣ ਤੋਂ ਬਾਅਦ ਐਤਵਾਰ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਭਾਰਤ ਅਤੇ ਨੇਪਾਲ ਵਿਚਾਲੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਹੋਈ। ਜੈਸ਼ੰਕਰ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਵਿਸ਼ੇਸ਼ ਮਿੱਤਰਤਾ ਦੱਸਿਆ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਹ ਦੀ ਆਉਣ ਵਾਲੀ ਮੁਲਾਕਾਤ ਨੂੰ ਲੈ ਕੇ ਉਮੀਦ ਜਤਾਈ।
ਬਾਲੇਂਦਰ ਸ਼ਾਹ ਦੇ ਭਾਰਤ ਦੌਰੇ ਦੌਰਾਨ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਝਲਨਾਥ ਖਨਾਲ ਨੇ ਵੀ ਅਹਿਮ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਨੇਪਾਲ ਬਹੁਤ ਹੀ ਕਰੀਬੀ ਗੁਆਂਢੀ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੁਹਿਰਦ ਸਬੰਧਾਂ ਦੇ ਨਾਲ-ਨਾਲ ਵਿਆਪਕ ਸਹਿਯੋਗ ਹੋਣਾ ਚਾਹੀਦਾ ਹੈ।
ਹਾਲਾਂਕਿ, ਖਨਾਲ ਨੇ ਇਸ ਗੱਲ ‘ਤੇ ਚਿੰਤਾ ਜਤਾਈ ਕਿ ਬਾਲੇਂਦਰ ਸ਼ਾਹ ਭਾਰਤ ਯਾਤਰਾ ਤੋਂ ਪਹਿਲਾਂ ਨੇਪਾਲ ਵੱਲੋਂ ਕੋਈ ਸਾਂਝਾ ਰਾਸ਼ਟਰੀ ਏਜੰਡਾ ਤਿਆਰ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦੇਸ਼ ਲਈ ਇੱਕ ਸਾਂਝਾ ਏਜੰਡਾ ਤਿਆਰ ਕਰਕੇ ਭਾਰਤ ਆਉਂਦੇ ਤਾਂ ਇਹ ਬਿਹਤਰ ਹੁੰਦਾ। ਖਨਾਲ ਮੁਤਾਬਕ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਨੇਪਾਲ ਵੱਲੋਂ ਕਿਹੜੇ ਮੁੱਦੇ ਉਠਾਏ ਜਾਣਗੇ ਅਤੇ ਕਿਸ ਤਰ੍ਹਾਂ ਦੇ ਸਮਝੌਤੇ ਕੀਤੇ ਜਾਣਗੇ।
ਨੇਪਾਲ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਮੰਜੀਵ ਸਿੰਘ ਪੁਰੀ ਨੇ ਬਾਲੇਂਦਰ ਸ਼ਾਹ ਦੀ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਲਈ ਬੇਹੱਦ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਨੇਪਾਲ ਲਈ ਤਾਂ ਅਹਿਮ ਹੈ ਹੀ, ਪਰ ਭਾਰਤ ਲਈ ਵੀ ਇਸ ਦੀ ਮਹੱਤਤਾ ਘੱਟ ਨਹੀਂ ਹੈ।
ਪੁਰੀ ਨੇ ਕਿਹਾ ਕਿ ਨੇਪਾਲ ਨਾਲ ਭਾਰਤ ਦੇ ਸੱਭਿਅਤਾਗਤ ਸਬੰਧ ਬਹੁਤ ਪੁਰਾਣੇ ਅਤੇ ਵਿਸ਼ੇਸ਼ ਹਨ। ਇਸ ਤੋਂ ਇਲਾਵਾ ਨੇਪਾਲ ਦੀ ਭੂਗੋਲਿਕ ਸਥਿਤੀ ਵੀ ਭਾਰਤ ਲਈ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ, ਕਿਉਂਕਿ ਇਸ ਦੀ ਸਰਹੱਦ ਚੀਨ ਨਾਲ ਲੱਗਦੀ ਹੈ ਅਤੇ ਚੀਨ ਨਾਲ ਭਾਰਤ ਦੇ ਸਬੰਧ ਚੁਣੌਤੀਪੂਰਨ ਰਹੇ ਹਨ। ਉਨ੍ਹਾਂ ਕਿਹਾ ਕਿ ਬਾਲੇਂਦਰ ਸ਼ਾਹ ਨਾਲ ਬਿਹਤਰ ਤਾਲਮੇਲ ਬਣਾਉਣਾ ਭਾਰਤ ਲਈ ਬਹੁਤ ਮਹੱਤਵਪੂਰਨ ਹੋਵੇਗਾ।
