ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੇ ਗਾਂਧੀ ਨਗਰ ਇਲਾਕੇ ਵਿੱਚ ਅੱਜ ਸਵੇਰੇ ਰੈਡੀਮੇਡ ਕੱਪੜਿਆਂ ਦੀ ਇੱਕ ਦੁਕਾਨ ਵਿੱਚ ਅੱਗ ਲੱਗ ਗਈ, ਜਿਸ ਨੂੰ ਅੱਗ ਬੁਝਾਊ ਵਿਭਾਗ ਦੀਆਂ 12 ਗੱਡੀਆਂ ਨੇ ਕਰੀਬ ਸਵਾ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬੁਝਾਇਆ।
ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ, ਗਾਂਧੀ ਨਗਰ ਦੀ ਨਹਿਰੂ ਗਲੀ ਸਥਿਤ ਇੱਕ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਸਵੇਰੇ ਕਰੀਬ 8 ਵੱਜ ਕੇ 56 ਮਿੰਟ ‘ਤੇ ਮਿਲੀ ਸੀ। ਪਰ ਮੌਕੇ ‘ਤੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਅੱਗ ਇੱਕ ਇਮਾਰਤ ਦੀ ਜ਼ਮੀਨੀ ਮੰਜ਼ਿਲ ‘ਤੇ ਸਥਿਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਲੱਗੀ ਹੋਈ ਸੀ।
ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਅੱਗ ਬੁਝਾਊ ਵਿਭਾਗ ਦੀਆਂ ਅੱਠ ਗੱਡੀਆਂ ਨੂੰ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ ਸਵੇਰੇ 9 ਵੱਜ ਕੇ 15 ਮਿੰਟ ‘ਤੇ ਚਾਰ ਹੋਰ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ 35 ਗਜ਼ ਦੇ ਖੇਤਰ ਵਿੱਚ ਬਣੀ ਇਸ ਇਮਾਰਤ ਵਿੱਚ ਜ਼ਮੀਨੀ ਮੰਜ਼ਿਲ ਤੋਂ ਇਲਾਵਾ ਉੱਪਰ ਤਿੰਨ ਮੰਜ਼ਿਲਾਂ ਹਨ।
ਅਧਿਕਾਰੀ ਮੁਤਾਬਕ, ਅੱਗ ਬੁਝਾਊ ਗੱਡੀਆਂ ਨੇ ਸਵੇਰੇ 10:10 ਵਜੇ ਤੱਕ ਅੱਗ ‘ਤੇ ਕਾਬੂ ਪਾ ਲਿਆ ਸੀ ਅਤੇ 10:20 ਵਜੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
