ਪੰਜਾਬ: ਪੰਜਾਬ ‘ਚ ਆਏ ਭਿਆਨਕ ਹੜ੍ਹ ਨੂੰ ਹੁਣ ਸਕੂਲੀ ਸਿੱਖਿਆ ਦਾ ਹਿੱਸਾ ਬਣਾ ਦਿੱਤਾ ਗਿਆ ਹੈ। NCERT ਨੇ 9ਵੀਂ ਜਮਾਤ ਦੀ ਨਵੀਂ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਪੰਜਾਬ ਦੇ ਹੜ੍ਹਾਂ ਨੂੰ ‘ਕੇਸ ਸਟੱਡੀ’ ਵਜੋਂ ਸ਼ਾਮਲ ਕੀਤਾ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਹੈ ਕਿ ਕੁਦਰਤੀ ਆਫ਼ਤਾਂ ਲੋਕਾਂ ਦੇ ਜੀਵਨ, ਖੇਤੀਬਾੜੀ, ਪਸ਼ੂ ਧਨ ਅਤੇ ਸੜਕਾਂ ਅਤੇ ਪੁਲਾਂ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਕਿੰਨਾ ਪ੍ਰਭਾਵਿਤ ਕਰਦੀਆਂ ਹਨ।
ਇਹ ਕੇਸ ਸਟੱਡੀ ਕਿਤਾਬ ‘ਅੰਡਰਸਟੈਂਡਿੰਗ ਸੋਸਾਇਟੀ: ਇੰਡੀਆ ਐਂਡ ਬਿਓਂਡ – ਗ੍ਰੇਡ 9 ਭਾਗ 1’ ਵਿੱਚ ਦਿੱਤੀ ਗਈ ਹੈ। ਇਸ ਨੂੰ ਰਵਾਇਤੀ ਪ੍ਰਸ਼ਨ-ਉੱਤਰ ਦੀ ਬਜਾਏ ਇੱਕ ਵਰਕਸ਼ੀਟ ਮਾਡਲ ਵਿੱਚ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਖੁਦ ਜਾਣਕਾਰੀ ਇਕੱਠੀ ਕਰਕੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਸਕਣ।
ਭਾਰੀ ਮੀਂਹ ਬਣਿਆ ਹੜ੍ਹ ਦਾ ਕਾਰਨ
ਕਿਤਾਬ ਮੁਤਾਬਕ 2025 ਦੀ ਮਾਨਸੂਨ ਦੌਰਾਨ ਪੰਜਾਬ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਸੀ। ਇਸ ਦੇ ਨਾਲ ਹੀ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਕਈ ਇਲਾਕੇ ਹੜ੍ਹਾਂ ਦਾ ਖਤਰਾ ਬਣ ਗਏ ਸਨ। ਇਸ ਹੜ੍ਹ ਨਾਲ ਸੈਂਕੜੇ ਪਿੰਡ, ਰਿਹਾਇਸ਼ੀ ਖੇਤਰ ਅਤੇ ਹਜ਼ਾਰਾਂ ਏਕੜ ਫਸਲ ਪ੍ਰਭਾਵਿਤ ਹੋਈ ਹੈ। ਕਈ ਪਰਿਵਾਰਾਂ ਨੂੰ ਆਪਣਾ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲੈਣੀ ਪਈ। ਪਸ਼ੂ ਧਨ ਦਾ ਵੀ ਨੁਕਸਾਨ ਹੋਇਆ ਹੈ, ਜਦਕਿ ਸੜਕਾਂ, ਪੁਲ ਅਤੇ ਸਰਹੱਦੀ ਵਾੜ ਪ੍ਰਭਾਵਿਤ ਹੋਈ ਹੈ।
ਰੱਟਣ ‘ਤੇ ਨਹੀਂ, ਸਮਝਣ ‘ਤੇ ਜ਼ੋਰ
ਇਸ ਕੇਸ ਸਟੱਡੀ ਰਾਹੀਂ, NCERT ਨੇ ਨਾ ਸਿਰਫ਼ ਹੜ੍ਹ ਦੀ ਘਟਨਾ ਦਾ ਜ਼ਿਕਰ ਕੀਤਾ ਹੈ, ਸਗੋਂ ਆਫ਼ਤ ਪ੍ਰਬੰਧਨ ਦੀ ਲੋੜ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਗਤੀਵਿਧੀ ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੂੰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਪੋਸਟਰ ਨੂੰ ਆਪਣੀ ਮਾਤ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਹ ਇਸਨੂੰ ਆਸਾਨੀ ਨਾਲ ਸਮਝ ਸਕਣ।












