Homeਪੰਜਾਬਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ ਤਹਿਤ ਚੇਅਰਪਰਸਨ ਵੱਲੋਂ ਪਟਿਆਲਾ ਵਿਖੇ 45 ਤੋਂ...

ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ ਤਹਿਤ ਚੇਅਰਪਰਸਨ ਵੱਲੋਂ ਪਟਿਆਲਾ ਵਿਖੇ 45 ਤੋਂ ਜਿਆਦਾ ਮਾਮਲਿਆਂ ‘ਚ ਔਰਤਾਂ ਦੀ ਜਨ ਸੁਣਵਾਈ

ਪਟਿਆਲਾ: ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਵਿਜੇ ਕਿਸ਼ੋਰ ਰਹਾਟਕਰ ਨੇ ਅੱਜ ਪਟਿਆਲਾ ‘ਚ ਕਿਹਾ ਹੈ ਕਿ ਪੀੜਤ ਮਹਿਲਾਵਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਅੱਜ ਇੱਥੇ ਪੁਲਿਸ ਲਾਈਨਜ ਵਿਖੇ ‘ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ’ ਤਹਿਤ ਜਨ ਸੁਣਵਾਈ ਕੈਂਪ ਮੌਕੇ 45 ਦੇ ਲਗਪਗ ਮਾਮਲਿਆਂ ‘ਚ ਪੀੜਤ ਮਹਿਲਾਵਾਂ ਦੀ ਸੁਣਵਾਈ ਕਰਕੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਮੌਕੇ ‘ਤੇ ਹੀ ਸਬੰਧਤ ਪੁਲਿਸ ਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਨੂੰ ਪਹੁੰਚਯੋਗ, ਸੰਵੇਦਨਸ਼ੀਲ ਅਤੇ ਸਮੇਂ ਸਿਰ ਨਿਆਂ ਪ੍ਰਦਾਨ ਕਰਨਾ ਕਮਿਸ਼ਨ ਦੀ ਪਹਿਲੀ ਤਰਜੀਹ ਹੈ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੇ ਕਿਸ਼ੋਰ ਰਹਾਟਕਰ ਨੇ ਜ਼ੋਰ ਦੇਕੇ ਕਿਹਾ ਕਿ ਕਿਸੇ ਵਿਅਕਤੀ ਨੂੰ ਕਿਸੇ ਮਹਿਲਾ ਦੇ ਚਰਿੱਤਰ ‘ਤੇ ਉਂਗਲ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਹਰ ਕਿਸੇ ਨੂੰ ਔਰਤਾਂ ਪ੍ਰਤੀ ਸੰਵੇਨਸ਼ੀਲਤਾ ਦਿਖਾਉਣੀ ਚਾਹੀਦੀ ਹੈ।
ਵਿਜੇ ਰਹਾਟਕਰ ਨੇ ਕਿਹਾ ਕਿ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਬਹੁਤ ਸਖ਼ਤ ਹੈ, ਇਸ ਲਈ ਕਿਸੇ ਵੀ ਵਿਅਕਤੀ ਨੂੰ ਮਹਿਲਾਵਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਮੰਦੀ ਸ਼ਬਦਾਲਵੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਇਹ ਧਾਰਨਾ ਹੈ ਕਿ ਕਿਸੇ ਵੀ ਪੀੜਤ ਮਹਿਲਾ ਦੀ ਪੂਰੀ ਸੁਣਵਾਈ ਹੋਵੇ ਅਤੇ ਉਸਨੂੰ ਸਮਾਂਬੱਧ ਢੰਗ ਨਾਲ ਤਰਕਸੰਗਤ ਨਿਆਂ ਪ੍ਰਦਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਹੁਤੀਆਂ ਪੀੜਤ ਮਹਿਲਾਵਾਂ ਦਿੱਲੀ ਵਿਖੇ ਨਹੀਂ ਜਾ ਸਕਦੀਆਂ ਜਿਸ ਲਈ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਅਜਿਹੀ ਜਨ ਸੁਣਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਘਰੇਲੂ ਹਿੰਸਾ, ਦਹੇਜ, ਬਲਾਤਕਾਰ, ਆਤਮ ਹੱਤਿਆ ਆਦਿ ਮਾਮਲਿਆਂ ਦੀ ਸੁਣਵਾਈ ਕੀਤੀ ਗਈ ਹੈ ਅਤੇ ਕਈ ਮਾਮਲਿਆਂ ਵਿੱਚ ਪੁਲਿਸ ਦੀ ਦੇਰੀ ਦਾ ਨੋਟਿਸ ਲਿਆ ਹੈ, ਜਿਸ ਪ੍ਰਤੀ ਐਸ.ਐਸ.ਪੀ. ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਇਸ ਉਪਰੰਤ ਚੇਅਰਪਰਸਨ ਵਿਜੇ ਰਹਾਟਕਰ ਨੇ ਪਟਿਆਲਾ ਡਵੀਜ਼ਨ ਦੇ 6 ਜ਼ਿਲ੍ਹਿਆਂ ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ ਬਰਨਾਲਾ ਸਮੇਤ ਪਟਿਆਲਾ ਪੁਲਿਸ ਰੇਂਜ ਦੇ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀਜ਼ ਨਾਲ ਸਮੀਖਿਆ ਬੈਠਕ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ੋਰ ਦੇਕੇ ਕਿਹਾ ਕਿ ‘ਔਰਤਾਂ ਨੂੰ ਨਿਆਂ ਦਿਵਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਆਪਸੀ ਤਾਲਮੇਲ ਨਾਲ ਕੰਮ ਕਰੇ।’ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਔਰਤਾਂ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਵੇਲੇ ਇੱਕ ਸੰਵੇਦਨਸ਼ੀਲ ਅਤੇ ਜਵਾਬਦੇਹ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਕੌਮੀ ਕਮਿਸ਼ਨ ਦੀ ‘ਤੇਰੇ ਮੇਰੇ ਸਪਨੇ’ ਪਹਿਲਕਦਮੀ ਨੂੰ ਜ਼ਿਲ੍ਹਿਆਂ ਵਿੱਚ ਵੀ ਲਾਗੂ ਕੀਤਾ ਜਾਵੇ ਤਾਂ ਕਿ ਵਿਆਹ ਤੋਂ ਪਹਿਲਾਂ ਲੜਕਾ ਤੇ ਲੜਕੀ ਆਪਸੀ ਸੰਵਾਦ ਨਾਲ ਆਪਣੀ ਵਿਆਹੁਤਾ ਜਿੰਦਗੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਦੂਜੇ ਨੂੰ ਸਮਝ ਸਕਣ।
ਫੇਰੀ ਦੌਰਾਨ ਆਪਣੇ ਵੱਖ-ਵੱਖ ਰੁਝੇਵਿਆਂ ਅਤੇ ਗੱਲਬਾਤ ਰਾਹੀਂ, ਸ਼੍ਰੀਮਤੀ ਰਹਾਟਕਰ ਨੇ ਔਰਤਾਂ ਦੀ ਸੁਰੱਖਿਆ, ਸਸ਼ਕਤੀਕਰਨ, ਸੰਸਥਾਗਤ ਜਵਾਬਦੇਹੀ ਅਤੇ ਇੱਕ ਸੰਵੇਦਨਸ਼ੀਲ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਜ਼ਰੂਰਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਨਸ਼ਿਆਂ ਦਾ ਸੰਤਾਪ ਭੋਗਦੀਆਂ ਔਰਤਾਂ ਸਮੇਤ ਸਾਇਬਰ ਕ੍ਰਾਈਮ ‘ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਇਸ ਮਾਮਲੇ ‘ਚ ਕੌਮੀ ਮਹਿਲਾ ਕਮਿਸ਼ਨ ਵੱਲੋਂ ਸਹਾਇਤਾ ਦੇਣ ਦੀ ਗੱਲ ਆਖੀ।
ਵਿਜੇ ਕੇ ਰਹਾਟਕਰ ਨੇ ਮਹਿਲਾਵਾਂ ਦੀ ਭਲਾਈ ਵਾਲੀਆਂ ਸਕੀਮਾਂ ਦਾ ਲਾਭ 100 ਫੀਸਦੀ ਹੇਠਲੇ ਪੱਧਰ ‘ਤੇ ਔਰਤਾਂ ਤੱਕ ਜਰੂਰ ਪਹੁੰਚਾਉਣ ਅਤੇ ਸਮੁੱਚਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਹਿਲਾ ਸ਼ਸਕਤੀਕਰਨ ਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਚੇਅਰਪਰਸਨ ਨੂੰ ਡਵੀਜਨ ਦੇ ਸਾਰੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਕੌਮੀ ਮਹਿਲਾ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਏਗਾ। ਇਸ ਮੌਕੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਵਿਜੇ ਕੇ ਰਹਾਟਕਰ ਦਾ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਚੇਅਰਪਰਸਨ ਰਹਾਟਕਰ ਨੇ ਥਾਪਰ ਯੂਨੀਵਰਸਿਟੀ ਵਿਖੇ ਕੰਮਕਾਜੀ ਸਥਾਨ ‘ਤੇ ਔਰਤਾਂ ਨਾਲ ਛੇੜਛਾੜ ਵਿਰੁੱਧ ਪੀ.ਓ.ਐਸ.ਐਚ ਵਰਕਸ਼ਾਪ ‘ਚ ਵੀ ਸੰਬੋਧਨ ਕੀਤਾ ਅਤੇ ਦੇਰ ਸ਼ਾਮ ਆਈ.ਟੀ.ਬੀ.ਪੀ. ਕੈਂਪਸ ਦਾ ਦੌਰਾ ਕਰਕੇ ਐਂਟੀ ਹਿਊਮਨ ਟ੍ਰੈਫਿਕਿੰਗ ਪ੍ਰੋਗਰਾਮ ‘ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਦੀਆਂ 6 ਲੜਕੀਆਂ ਨੂੰ ਸਿੱਖਿਆ, ਖੇਡਾਂ ਤੇ ਹੁਨਰ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਬਦਲੇ ਸਨਮਾਨਤ ਵੀ ਕੀਤਾ।
ਬੈਠਕ ਦੌਰਾਨ ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ, ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ, ਐਸ.ਐਸ.ਪੀ. ਸੰਗਰੂਰ ਰਵਜੋਤ ਗਰੇਵਾਲ, ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਮਲ ਤੇ ਐਸ.ਐਸ.ਪੀ ਮਲੇਰਕੋਟਲਾ ਗੁਰਮੀਤ ਸਿੰਘ ਸਮੇਤ ਪਟਿਆਲਾ ਦੇ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਅਤੇ ਬਾਕੀ ਜ਼ਿਲ੍ਹਿਆਂ ਦੇ ਏ.ਡੀ.ਸੀਜ ਤੇ ਐਸ.ਪੀਜ ਸਮੇਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਪ੍ਰੋਗਰਾਮ ਅਫ਼ਸਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments