ਮੁੰਬਈ : ਨੰਦਾਮੁਰੀ ਬਾਲਕ੍ਰਿਸ਼ਨ ਦੀ ਫਿਲਮ “ਅਖੰਡ 2”, ਜੋ ਕਿ 5 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ, ਹੁਣ ਮੁਲਤਵੀ ਕਰ ਦਿੱਤੀ ਗਈ ਹੈ, ਜਿਸ ਨਾਲ ਦਰਸ਼ਕ ਹੈਰਾਨ ਰਹਿ ਗਏ ਹਨ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। “ਅਖੰਡ 2” ਵਿੱਚ “ਬਜਰੰਗੀ ਭਾਈਜਾਨ” ਸਟਾਰਰ ਫਿਲਮ “ਮੁੰਨੀ”, ਹਰਸ਼ਾਲੀ ਮਲਹੋਤਰਾ ਵੀ ਹਨ, ਜਿਸਨੇ ਫਿਲਮ ਦੇ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ। ਹਾਲਾਂਕਿ, ਰਿਲੀਜ਼ ਹੁਣ ਮੁਲਤਵੀ ਕਰ ਦਿੱਤੀ ਗਈ ਹੈ, ਅਤੇ ਨਿਰਮਾਤਾਵਾਂ ਨੇ ਇੱਕ ਪੋਸਟ ਵਿੱਚ ਇਸਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਇਸਦਾ ਐਲਾਨ ਕੀਤਾ ਸੀ, ਅਤੇ ਪ੍ਰਸ਼ੰਸਕ ਉਦੋਂ ਤੋਂ ਹੀ ਪਰੇਸ਼ਾਨ ਹਨ।
ਬੀਤੇ ਦਿਨ, 4 ਦਸੰਬਰ ਦੀ ਸ਼ਾਮ ਨੂੰ ‘ਅਖੰਡਾ 2’ ਦੇ ਪ੍ਰੋਡਕਸ਼ਨ ਹਾਊਸ, 14 ਰੀਲਜ਼ ਪਲੱਸ ਨੇ ਦੱਸਿਆ ਕਿ ਤਕਨੀਕੀ ਸਮੱਸਿਆਵਾਂ ਕਾਰਨ ਫਿਲਮ ਦੇ ਪੇਡ ਪ੍ਰੀਮੀਅਰ ਰੱਦ ਕਰ ਦਿੱਤੇ ਗਏ ਹਨ। ਪ੍ਰੋਡਕਸ਼ਨ ਹਾਊਸ ਨੇ X ‘ਤੇ ਲਿਖਿਆ, ‘ਅੱਜ ਹੋਣ ਵਾਲੇ ‘ਅਖੰਡਾ 2′ ਦੇ ਪ੍ਰੀਮੀਅਰ ਤਕਨੀਕੀ ਸਮੱਸਿਆਵਾਂ ਕਾਰਨ ਰੱਦ ਕਰ ਦਿੱਤੇ ਗਏ ਹਨ। ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕੀਤੀ, ਪਰ ਕੁਝ ਚੀਜ਼ਾਂ ਸਾਡੇ ਕੰਟਰੋਲ ਤੋਂ ਬਾਹਰ ਹਨ। ਅਸੁਵਿਧਾ ਲਈ ਖੇਦ ਹੈ।’
ਰਿਲੀਜ਼ ਤੋਂ ਇੱਕ ਰਾਤ ਪਹਿਲਾਂ ਐਲਾਨ, ‘ਅਖੰਡ 2’ ਹੋਈ ਮੁਲਤਵੀ
ਬਾਅਦ ਵਿੱਚ, ਪ੍ਰੋਡਕਸ਼ਨ ਹਾਊਸ ਨੇ ਰਿਲੀਜ਼ ਤੋਂ ਠੀਕ ਇੱਕ ਰਾਤ ਪਹਿਲਾਂ ‘ਅਖੰਡਾ 2’ ਦੀ ਰਿਲੀਜ਼ ਮੁਲਤਵੀ ਹੋਣ ਬਾਰੇ ਜਾਣਕਾਰੀ ਦਿੱਤੀ। ਮੇਕਰਸ ਨੇ X ‘ਤੇ ਲਿਖਿਆ, ‘ਭਾਰੀ ਮਨ ਨਾਲ, ਸਾਨੂੰ ਤੁਹਾਨੂੰ ਇਹ ਸੂਚਿਤ ਕਰਦਿਆਂ ਦੁੱਖ ਹੈ ਕਿ ‘ਅਖੰਡਾ 2’ ਅਟੱਲ ਹਾਲਾਤਾਂ ਕਾਰਨ ਨਿਰਧਾਰਤ ਸਮੇਂ ‘ਤੇ ਰਿਲੀਜ਼ ਨਹੀਂ ਹੋ ਸਕੇਗੀ। ਇਹ ਸਾਡੇ ਲਈ ਇੱਕ ਦੁਖਦਾਈ ਪਲ ਹੈ। ਅਸੀਂ ਅਸਲ ਵਿੱਚ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਕਿ ਹਰ ਉਸ ਫੈਨ ਨੂੰ ਕਿੰਨਾ ਮਾੜਾ ਲੱਗਣ ਵਾਲਾ ਹੈ, ਜੋ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਅਸੀਂ ਇਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਉਣ ਲਈ ਅਣਥੱਕ ਯਤਨ ਕਰ ਰਹੇ ਹਾਂ। ਹੋਈ ਅਸੁਵਿਧਾ ਲਈ ਸਾਨੂੰ ਖੇਦ ਹੈ। ਤੁਹਾਡਾ ਸਪੋਰਟ ਸਾਡੇ ਲਈ ਬਹੁਤ ਮਹੱਤਵ ਰੱਖਦਾ ਹੈ। ਅਸੀਂ ਜਲਦੀ ਹੀ ਇੱਕ ਪੌਜ਼ੀਟਿਵ ਅਪਡੇਟ ਸ਼ੇਅਰ ਕਰਾਂਗੇ। ਇਹ ਸਾਡਾ ਵਾਅਦਾ ਹੈ।
‘ਅਖੰਡਾ 2’ ਦੀ ਰਿਲੀਜ਼ ਕਿਉਂ ਹੋਈ ਪੋਸਟਪੋਨ?
ਨੰਦਮੂਰੀ ਬਾਲਕ੍ਰਿਸ਼ਨ ਦੀ ‘ਅਖੰਡਾ 2’ ਦੀ ਰਿਲੀਜ਼ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਤੋਂ ਬਾਅਦ ਮੁਲਤਵੀ ਹੋ ਗਈ ਹੈ, ਜਿਸ ਵਿੱਚ ਇਰੋਸ ਇੰਟਰਨੈਸ਼ਨਲ ਮੀਡੀਆ ਲਿਮਟਿਡ ਵੱਲੋਂ ਦਾਇਰ ਕੀਤੀ ਇੱਕ ਅਪੀਲ ’ਤੇ ਸੁਣਵਾਈ ਤੋਂ ਬਾਅਦ, ਇਸ ਦੀ ਸਕ੍ਰੀਨਿੰਗ ’ਤੇ ਰੋਕ ਲਾ ਦਿੱਤੀ ਗਈ ਸੀ। ‘ਸਿਨੇਮਾਐਕਸਪ੍ਰੈੱਸ’ ਦੀ ਰਿਪੋਰਟ ਮੁਤਾਬਕ, ਇਹ ਮਾਮਲਾ ਲੰਮੇ ਸਮੇਂ ਤੋਂ ਚੱਲ ਰਹੇ ਇੱਕ ਕਾਨੂੰਨੀ ਵਿਵਾਦ ਤੋਂ ਪੈਦਾ ਹੋਇਆ ਹੈ, ਜੋ ਕਿ ਈਰੋਜ਼ ਦੇ ਹੱਕ ਵਿੱਚ ਗਿਆ ਸੀ। ਇਸ ਦੇ ਤਹਿਤ ਕੰਪਨੀ ਨੂੰ 14% ਵਿਆਜ ਦੇ ਨਾਲ ਲਗਭਗ 28 ਕਰੋੜ ਦਾ ਮੁਆਵਜ਼ਾ ਮਿਲਣਾ ਸੀ। ਕੋਰਟ ਨੇ ਹਦਾਇਤ ਦਿੱਤੀ ਹੈ ਕਿ ਜਦੋਂ ਤੱਕ ਬਕਾਇਆ ਰਕਮ ਨਹੀਂ ਚੁਕਾਈ ਜਾਂਦੀ, ਉਦੋਂ ਤੱਕ ‘ਅਖੰਡਾ 2’ ਨਾ ਤਾਂ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ ਅਤੇ ਨਾ ਹੀ ਡਿਜੀਟਲ ਪਲੇਟਫਾਰਮ ‘ਤੇ। ਇਸ ਦਾ ਸੈਟੇਲਾਈਟ ਪ੍ਰਸਾਰਣ ਵੀ ਨਹੀਂ ਕੀਤਾ ਜਾ ਸਕਦਾ। ਇਰੋਜ਼ ਨੇ ਇਹ ਵੀ ਦਲੀਲ ਦਿੱਤੀ ਕਿ 14 ਰੀਲਜ਼ ਪਲੱਸ ਐਲਐਲਪੀ, 14 ਰੀਲਜ਼ ਐਂਟਰਟੇਨਮੈਂਟ ਦਾ ਹੀ ਇੱਕ ਵਿਸਥਾਰ ਹੈ, ਅਤੇ ਬਾਕੀ ਰਕਮ ਦੀ ਅਦਾਇਗੀ ਕੀਤੇ ਬਿਨਾਂ ਰਿਲੀਜ਼ ਦੀ ਆਗਿਆ ਦੇਣ ਨਾਲ ਪ੍ਰਮੋਟਰਾਂ ਨੂੰ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਤੋਂ ਬਚਣ ਅਤੇ ਮੁਨਾਫ਼ਾ ਕਮਾਉਣ ਦਾ ਮੌਕਾ ਮਿਲ ਜਾਏਗਾ।
