ਮਣੀਪੁਰ: ਉੱਤਰ-ਪੂਰਬੀ ਰਾਜ ਮਣੀਪੁਰ ਵਿੱਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਦੇ ਖ਼ਿਲਾਫ਼ ਸੁਰੱਖਿਆ ਬਲਾਂ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚਲਾਏ ਗਏ ਵਿਸ਼ੇਸ਼ ਅਪਰੇਸ਼ਨਾਂ ਦੌਰਾਨ 3 ਕਿਲੋਗ੍ਰਾਮ ਤੋਂ ਵੱਧ ਅਫੀਮ ਅਤੇ 1.6 ਕਿਲੋ ਉੱਚ ਗੁਣਵੱਤਾ ਵਾਲੀ ਬਰਾਊਨ ਸ਼ੂਗਰ ਬਰਾਮਦ ਕੀਤੀ ਹੈ।
ਇਸ ਸਬੰਧ ਵਿੱਚ ਇੱਕ 52 ਸਾਲਾ ਔਰਤ ਸਮੇਤ ਕੁੱਲ ਚਾਰ ਸ਼ੱਕੀ ਨਸ਼ਾ ਤਸਕਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਪੁਲਿਸ ਮੁਤਾਬਕ ਬੀਤੇ ਦਿਨ ਇੰਫਾਲ ਪੱਛਮੀ ਅਤੇ ਚੂਰਾਚੰਦਪੁਰ ਜ਼ਿਲ੍ਹਿਆਂ ‘ਚ ਨਸ਼ੀਲੇ ਪਦਾਰਥ ਵਿਰੋਧੀ ਅਭਿਆਨ ਚਲਾਇਆ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਮੰਤ੍ਰੀਪੁਖਾਰੀ ਬਾਜ਼ਾਰ ਨੇੜੇ 3.66 ਕਿਲੋ ਅਫੀਮ ਬਰਾਮਦ ਕੀਤੀ ਅਤੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਇਕ ਹੋਰ ਕਾਰਵਾਈ ਦੌਰਾਨ ਚੂਰਾਚੰਦਪੁਰ ਜ਼ਿਲ੍ਹੇ ਦੇ ਪਿੰਡ ਸੋਨਜਾ ਖੋਪਈ ਤੋਂ ਇਕ 52 ਸਾਲਾ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 1.6 ਕਿਲੋ ਬਰਾਊਨ ਸ਼ੂਗਰ ਬਰਾਮਦ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
