ਕਟੜਾ : ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਖ਼ਰਾਬ ਮੌਸਮ ਕਾਰਨ, 5 ਅਕਤੂਬਰ ਐਤਵਾਰ ਤੋਂ 7 ਅਕਤੂਬਰ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDB) ਨੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਹੈ। ਇਹ ਫੈਸਲਾ ਭਾਰਤੀ ਮੌਸਮ ਵਿਭਾਗ (IMD) ਦੁਆਰਾ ਜਾਰੀ ਕੀਤੀ ਗਈ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ ਵਿੱਚ ਯਾਤਰਾ ਮਾਰਗ ਵਿੱਚ ਲੈਂਡਸਲਾਈਡ ਦੀ ਵਜ੍ਹਾ ਨਾਲ ਹੋਈ ਤਬਾਹੀ ਤੋਂ ਬਾਅਦ 22 ਦਿਨਾਂ ਤੱਕ ਯਾਤਰਾ ਰੁਕੀ ਸੀ। ਉਸ ਹਾਦਸੇ ਵਿੱਚ 34 ਲੋਕਾਂ ਦੀ ਜਾਨ ਚਲੀ ਗਈ ਸੀ।
IMD ਦੀ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਲਿਆ ਗਿਆ ਫ਼ੈਸਲਾ
ਸ਼ਰਾਇਨ ਬੋਰਡ ਨੇ ਸ਼ੁੱਕਰਵਾਰ ਨੂੰ IMD ਦੀ ਮੌਸਮ ਸੰਬੰਧੀ ਸਲਾਹ ਨੂੰ ਦੇਖਦੇ ਹੋਏ ਤੀਰਥ ਯਾਤਰਾ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਬੋਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਕੇ ਸ਼ਰਧਾਲੂਆਂ ਨੂੰ ਸੂਚਿਤ ਕੀਤਾ ਹੈ ਕਿ ਯਾਤਰਾ 8 ਅਕਤੂਬਰ ਨੂੰ ਫਿਰ ਤੋਂ ਸ਼ੁਰੂ ਹੋਵੇਗੀ, ਬਸ਼ਰਤੇ ਮੌਸਮ ਦੀ ਸਥਿਤੀ ਅਨੁਕੂਲ ਰਹੇ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਮੁਅੱਤਲੀ ਤੀਰਥ ਯਾਤਰੀਆਂ ਦੀ ਸੁਰੱਖਿਆ ਅਤੇ ਭਲਾਈ ਦੇ ਹਿੱਤ ਵਿੱਚ ਲਾਗੂ ਕੀਤੀ ਗਈ ਹੈ, ਅਤੇ ਸਾਰਿਆਂ ਨੂੰ ਇਸ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
ਯਾਤਰਾ ਮੁਅੱਤਲ ਕਰਨ ਦੀ ਖ਼ਬਰ ਅਜਿਹੇ ਸਮੇਂ ਆਈ ਹੈ ਜਦੋਂ ਹਾਲ ਹੀ ਵਿੱਚ ਨਵਰਾਤਰੀ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ ਸਨ। 22 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇ ਨਵਰਾਤਰੀ ਤਿਉਹਾਰ ਦੌਰਾਨ, 1.70 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ। ਇਸ ਸਮੇਂ ਦੌਰਾਨ, ਕਟੜਾ ਦੇ ਬੇਸ ਕੈਂਪ ਵਿੱਚ “ਜੈ ਮਾਤਾ ਦੀ” ਦੇ ਜੈਕਾਰੇ ਅਤੇ ਭਜਨ ਗੂੰਜਦੇ ਰਹੇ। ਨਵਰਾਤਰੀ ਦੌਰਾਨ, ਮੰਦਰ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਸ਼ਰਧਾਲੂ ਆਉਂਦੇ ਹਨ।











