ਫਿਰੋਜ਼ਪੁਰ : ਪੰਜਾਬ ਵਿੱਚ ਹਰ ਰੋਜ਼ ਕੀਤੇ ਨਾ ਕੀਤੇ ਅੱਗ ਲੱਗਣ ਦੀਆਂ ਘਟਨਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵਾਰ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰੂਹਰਸਹਾਏ ਹਲਕੇ ਦੇ ਮੁੱਖ ਬਾਜ਼ਾਰ ਵਿੱਚ ਇੱਕ ਫਰਨੀਚਰ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ। ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਘਾਟ ਕਾਰਨ ਦੁਕਾਨਦਾਰ ਗੁੱਸੇ ਵਿੱਚ ਹਨ, ਕਿਉਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੂਜੇ ਸ਼ਹਿਰਾਂ ਤੋਂ ਆਉਣ ਦੇ ਕਾਰਨ ਦੇਰ ਨਾਲ ਪਹੁੰਚੀਆਂ।
ਇਹ ਘਟਨਾ ਅੱਜ ਸਵੇਰੇ ਗਿਲਹੋਤਰਾ ਫਰਨੀਚਰ ਹਾਊਸ ਵਿੱਚ ਵਾਪਰੀ, ਜਿੱਥੇ ਅੱਗ ਨੇ ਦੁਕਾਨਦਾਰ ਦੀ ਸਾਲਾਂ ਦੀ ਮਿਹਨਤ ਨੂੰ ਇੱਕ ਮਿੰਟ ਵਿੱਚ ਰਾਖ ਕਰ ਦਿੱਤਾ। ਤੇਜ਼ੀ ਨਾਲ ਫੈਲਦੀ ਅੱਗ ਨੇ ਦੁਕਾਨ ਦੇ ਲੱਕੜ ਦੇ ਫਰਨੀਚਰ, ਮਸ਼ੀਨਰੀ ਅਤੇ ਹੋਰ ਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਪਿੱਛੇ ਕੂੜੇ ‘ਤੇ ਇੱਕ ਸਫਾਈ ਕਰਮਚਾਰੀ ਦੁਆਰਾ ਲਗਾਈ ਗਈ ਅੱਗ ਦੀਆਂ ਚੰਗਿਆੜੀਆਂ ਤੇਜ਼ ਹਵਾਵਾਂ ਨਾਲ ਅੰਦਰ ਚਲੀਆਂ ਗਈਆਂ।
ਸਥਾਨਕ ਨਿਵਾਸੀਆਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਨਿਵਾਸੀਆਂ ਨੇ ਦੋਸ਼ ਲਗਾਇਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਤੋਂ ਲਗਭਗ ਢਾਈ ਘੰਟੇ ਬਾਅਦ ਪਹੁੰਚੀਆਂ, ਜਦ ਕਿ ਉਦੋ ਤੱਕ ਕਾਫੀ ਨੁਕਸਾਨ ਹੋ ਚੁੱਕਾ ਸੀ। ਗੁਰੂਹਰਸਹਾਏ ਵਿੱਚ ਸਥਾਈ ਫਾਇਰ ਸਟੇਸ਼ਨ ਨਾ ਹੋਣ ਕਾਰਨ, ਫਿਰੋਜ਼ਪੁਰ, ਜਲਾਲਾਬਾਦ ਜਾਂ ਮੁਕਤਸਰ ਤੋਂ ਵਾਹਨ ਮੰਗਵਾਉਣੇ ਪੈਂਦੇ ਹਨ, ਜਿਸ ਕਾਰਨ ਰਾਹਤ ਕਾਰਜਾਂ ਵਿੱਚ ਦੇਰੀ ਹੁੰਦੀ ਹੈ।
ਦੁਕਾਨਦਾਰ ਪ੍ਰਿੰਸ ਗਿਲਹੋਤਰਾ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮੌਕੇ ‘ਤੇ ਪਹੁੰਚੇ ਐਸ.ਡੀ.ਐਮ. ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਤੋਂ ਬਾਅਦ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਸਥਾਨਕ ਵਪਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗੁਰੂਹਰਸਹਾਏ ਵਿੱਚ ਸਥਾਈ ਫਾਇਰ ਸਟੇਸ਼ਨ ਨਾ ਬਣਾਇਆ ਗਿਆ ਤਾਂ ਭਵਿੱਖ ਵਿੱਚ ਅਜਿਹੇ ਹੋਰ ਹਾਦਸੇ ਹੋ ਸਕਦੇ ਹਨ।
