Home ਪੰਜਾਬ ਪੰਜਾਬ ਸਰਹੱਦ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ

ਪੰਜਾਬ ਸਰਹੱਦ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ

0

ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਖ਼ਿਲਾਫ਼ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਨੇ ਵੱਡੀ ਕਾਰਵਾਈ ਕੀਤੀ ਹੈ। ਵੱਖ-ਵੱਖ ਸਰਚ ਆਪ੍ਰੇਸ਼ਨਾਂ ਦੌਰਾਨ ਸੁਰੱਖਿਆ ਬਲਾਂ ਨੇ ਕੁੱਲ 16 ਕਿਲੋ 308 ਗ੍ਰਾਮ ਹੈਰੋਇਨ, 1 ਕਿਲੋ 330 ਗ੍ਰਾਮ ਅਫ਼ੀਮ, ਇੱਕ ਪਾਕਿਸਤਾਨੀ ਡਰੋਨ ਅਤੇ ਪੰਜ ਪਿਸਤੌਲਾਂ ਸਮੇਤ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਹੈ।

ਜਾਣਕਾਰੀ ਮੁਤਾਬਕ, ਸਭ ਤੋਂ ਵੱਡੀ ਬਰਾਮਦਗੀ ਥਾਣਾ ਭਿੰਡੀ ਸੈਦਾ ਅਧੀਨ ਪੈਂਦੀ BSF ਦੀ ਫਤਿਹਪੁਰ ਚੌਕੀ ਦੇ ਨੇੜੇ ਹੋਈ। ਇੱਥੇ ਤਲਾਸ਼ੀ ਦੌਰਾਨ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਗਏ ਹੈਰੋਇਨ ਦੇ 12 ਪੈਕੇਟ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 6 ਕਿਲੋ 712 ਗ੍ਰਾਮ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਤਸਕਰੀ ਲਈ ਵਰਤਿਆ ਗਿਆ ਡਰੋਨ ਵੀ ਸੁਰੱਖਿਆ ਬਲਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਲੋਪੋਕੇ ਖੇਤਰ ਵਿੱਚ ਪੁਲਿਸ ਅਤੇ BSF ਵੱਲੋਂ ਕੀਤੀਆਂ ਕਾਰਵਾਈਆਂ ਦੌਰਾਨ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਕਈ ਖੇਪਾਂ ਬਰਾਮਦ ਹੋਈਆਂ। ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 4 ਕਿਲੋ ਹੈਰੋਇਨ ਅਤੇ 800 ਗ੍ਰਾਮ ਅਫ਼ੀਮ ਜ਼ਬਤ ਕੀਤੀ।

ਇਸੇ ਇਲਾਕੇ ਵਿੱਚ ਇੱਕ ਲਿੰਕ ਰੋਡ ਨੇੜੇ ਤਲਾਸ਼ੀ ਮੁਹਿੰਮ ਦੌਰਾਨ 5 ਕਿਲੋ ਹੈਰੋਇਨ ਦੀ ਲਾਵਾਰਿਸ ਖੇਪ ਵੀ ਮਿਲੀ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਕਾਬੂ ਕਰਕੇ ਉਸ ਕੋਲੋਂ 530 ਗ੍ਰਾਮ ਅਫ਼ੀਮ ਬਰਾਮਦ ਕੀਤੀ। ਉੱਧਰ, BSF ਦੀ ਵਿਸ਼ੇਸ਼ ਕਾਰਵਾਈ ਦੌਰਾਨ 4 ਪਿਸਤੌਲ, 8 ਮੈਗਜ਼ੀਨ ਅਤੇ 100 ਜ਼ਿੰਦਾ ਕਾਰਤੂਸ ਵੀ ਮਿਲੇ।

ਹੋਰ ਤਲਾਸ਼ੀ ਮੁਹਿੰਮਾਂ ਦੌਰਾਨ ਘਰਿੰਡਾ ਇਲਾਕੇ ਦੇ ਇੱਕ ਖੇਤ ਵਿੱਚੋਂ ਸ਼ੱਕੀ ਪੈਕੇਟ ਬਰਾਮਦ ਹੋਇਆ। ਜਾਂਚ ਕਰਨ ’ਤੇ ਉਸ ਵਿੱਚੋਂ 596 ਗ੍ਰਾਮ ਹੈਰੋਇਨ ਮਿਲੀ।

ਇਸੇ ਤਰ੍ਹਾਂ ਜੰਡਿਆਲਾ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ .32 ਬੋਰ ਦਾ ਇੱਕ ਪਿਸਤੌਲ, ਮੈਗਜ਼ੀਨ ਅਤੇ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਨ੍ਹਾਂ ਸਾਰੀਆਂ ਕਾਰਵਾਈਆਂ ਸਬੰਧੀ ਸਬੰਧਤ ਥਾਣਿਆਂ ਵਿੱਚ NDPS ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਤਸਕਰੀ ਦੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

NO COMMENTS

LEAVE A REPLY

Please enter your comment!
Please enter your name here

Exit mobile version