ਮੈਕਸੀਕੋ ਸਿਟੀ : ਉੱਤਰ-ਪੱਛਮੀ ਮੈਕਸੀਕੋ ਵਿੱਚ ਬੀਤੇ ਦਿਨ ਇੱਕ ‘ਡਿਪਾਰਟਮੈਂਟਲ ਸਟੋਰ’ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਭਿਆਨਕ ਧਮਾਕਾ ਹੋਣ ਦੀ ਖ਼ਬਰ ਆ ਰਹੀ ਹੈ। ਇਸ ਹਾਦਸੇ ਵਿੱਚ ਕਈ ਬੱਚਿਆਂ ਸਮੇਤ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸੋਨੋਰਾ ਦੇ ਗਵਰਨਰ ਅਲਫੋਂਸੋ ਦੁਰਾਜ਼ੋ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਅੱਗ ਸੋਨੋਰਾ ਰਾਜ ਦੀ ਰਾਜਧਾਨੀ ਹਰਮੋਸਿਲੋ ਸ਼ਹਿਰ ਵਿੱਚ ਲੱਗੀ। ਸੋਨੋਰਾ ਦੇ ਅਟਾਰਨੀ ਜਨਰਲ ਗੁਸਤਾਵੋ ਸਾਲਾਸ ਚਾਵੇਜ਼ ਨੇ ਕਿਹਾ ਕਿ ਘੱਟੋ-ਘੱਟ 23 ਲੋਕ ਮਾਰੇ ਗਏ ਹਨ, ਅਤੇ ਜ਼ਖਮੀਆਂ ਨੂੰ ਹਰਮੋਸਿਲੋ ਦੇ ਛੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਲਾਸ ਚਾਵੇਜ਼ ਨੇ ਆਖਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗੈ ਕਿ ਲੋਕਾਂ ਦੀ ਮੌਤ “ਸਾਹ ਦੇ ਨਾਲ ਜ਼ਹਿਰੀਲੀ ਗੈਸ ਸਰੀਰ ਵਿੱਚ ਜਾਣ’’ ਕਰਕੇ ਹੋਈ।
ਅੱਗ ਬੁਝਾਉਣ ਵਿੱਚ ਲੱਗੀ ਟੀਮ
ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਵਿੱਚ ਲੱਗੀ ਹੈ। ਗਵਰਨਰ ਨੇ ਕਿਹਾ, ”ਸਾਨੂੰ ਫਿਲਹਾਲ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ, ਜਿਸ ਨਾਲ ਇਹ ਅਨੁਮਾਨ ਲਗਾਇਆ ਜਾ ਸਕੇ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਧਿਕਾਰੀ ਮਾਮਲੇ ਦੇ ਹਰ ਪਹਿਲੂ ਤੋਂ ਜਾਂਚ ਕਰਨਗੇ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ‘ਵਾਲਡੋ’ ਦੇ ਸਟੋਰ ਵਿੱਚ ਭਿਆਨਕ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ। ਇੱਕ ਵੀਡੀਓ ਵਿੱਚ ਇੱਕ ਸੜਿਆ ਹੋਇਆ ਆਦਮੀ ਸਟੋਰ ਦੇ ਪ੍ਰਵੇਸ਼ ਦੁਆਰ ਤੋਂ ਕੁਝ ਮੀਟਰ ਦੀ ਦੂਰੀ ‘ਤੇ ਡਿੱਗਿਆ ਨਜ਼ਰ ਆ ਰਿਹਾ ਹੈ।
