ਓਨਟਾਰੀਓ: ਕੈਨੇਡਾ ਦੇ ਅਲਬਰਟਾ ਸੂਬੇ ‘ਚ ਸਥਿਤ ਫੌਜੀ ਅੱਡੇ ‘ਤੇ ਇਕ ਘਟਨਾ ਤੋਂ ਬਾਅਦ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਕੈਨੇਡਾ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਬੀਤੇ ਦਿਨ ਕਿਹਾ, “ਮੈਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਇੱਕ ਫੌਜੀ ਅੱਡੇ ‘ਤੇ ਇਸ ਘਟਨਾ ‘ਚ ਜਾਨੀ ਨੁਕਸਾਨ ਹੋਇਆ ਹੈ।” ਇਸ ਤੋਂ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ, “ਅਲਬਰਟਾ ਵਿੱਚ ਸਥਿਤ ਕੈਨੇਡੀਅਨ ਮਿਲਟਰੀ ਬੇਸ ਸੀ.ਐਫ.ਬੀ. ਵੇਨਰਾਈਟ ਵਿੱਚ ਇੱਕ ਗੰਭੀਰ ਘਟਨਾ ਵਾਪਰੀ ਹੈ, ਜਿਸ ਕਾਰਨ ਭਿਆਨਕ ਅੱਗ ਲੱਗ ਗਈ ।” ਉਨ੍ਹਾਂ ਕਿਹਾ, “ਸਾਡੇ ਵਿਚਾਰ ਇਸ ਘਟਨਾ ਤੋਂ ਪ੍ਰਭਾਵਿਤ ਸਾਰੀਆਂ ਬਹਾਦਰ ਔਰਤਾਂ ਅਤੇ ਪੁਰਸ਼ ਫੌਜੀ ਕਰਮਚਾਰੀਆਂ ਦੇ ਨਾਲ ਹਨ।”
ਅਲਬਰਟਾ ਦੇ ਸੂਬਾਈ ਪ੍ਰੀਮੀਅਰ ਡੇਨੀਅਲ ਸਮਿਥ ਨੇ ਅੱਗ ਨੂੰ ਗੰਭੀਰ ਅਤੇ ਦੁਖਦਾਈ ਦੱਸਿਆ ਅਤੇ ਕਿਹਾ ਕਿ ਬਹੁਤ ਸਾਰੇ ਫੌਜੀ ਕਰਮਚਾਰੀ ਪ੍ਰਭਾਵਿਤ ਹੋਏ ਹਨ। ਇਹ ਫੌਜੀ ਅੱਡਾ ਐਡਮਿੰਟਨ ਤੋਂ ਲਗਭਗ 180 ਕਿਲੋਮੀਟਰ ਦੱਖਣ-ਪੂਰਬ ਵੱਲ ਅਲਬਰਟਾ ਦੇ ਵੇਨਰਾਈਟ ਸ਼ਹਿਰ ਦੇ ਨੇੜੇ ਸਥਿਤ ਹੈ। ਕਾਰਨੇ ਨੇ ਕਿਹਾ ਕਿ ਸੰਘੀ ਸਰਕਾਰ ਅਲਬਰਟਾ ਦੇ ਅਧਿਕਾਰੀਆਂ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਸਮਿਥ ਇੱਕ ਦੂਜੇ ਦੇ ਨਜ਼ਦੀਕੀ ਸੰਪਰਕ ਵਿੱਚ ਹਨ ਅਤੇ ਦੋਵਾਂ ਸਰਕਾਰਾਂ ਦੇ ਮੰਤਰੀ ਅਤੇ ਅਧਿਕਾਰੀ ਵੀ ਸੰਪਰਕ ਵਿੱਚ ਹਨ। ਸਮਿਥ ਨੇ ਮੌਕੇ ‘ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਬਚਾਅ ਕਰਮਚਾਰੀਆਂ ਅਤੇ ਪ੍ਰਭਾਵਿਤ ਲੋਕਾਂ ਦੀ ਦੇਖਭਾਲ ਅਤੇ ਸਹਾਇਤਾ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ।
ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰੇ ਪੋਲੀਵਰੇ ਨੇ ਕਿਹਾ ਕਿ ਉਨ੍ਹਾਂ ਨੇ ਕਾਰਨੀ ਅਤੇ ਰੱਖਿਆ ਮੰਤਰੀ ਨਾਲ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਬਾਰੇ ਗੱਲ ਕੀਤੀ ਹੈ। “ਤੁਸੀਂ ਸਾਰੇ ਕਿਰਪਾ ਕਰਕੇ ਵੇਨਰਾਈਟ ਲਈ ਪ੍ਰਾਰਥਨਾ ਕਰੋ,” ਪੋਲੀਵਰੇ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਕਿਹਾ। ਉਸਨੇ ਇਲਾਕੇ ਦੇ ਲੋਕਾਂ ਨੂੰ ਐਮਰਜੈਂਸੀ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਬਚਾਅ ਕਰਮਚਾਰੀਆਂ ਲਈ ਸੜਕਾਂ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ। ਨਾ ਤਾਂ ਕਾਰਨੇ ਅਤੇ ਨਾ ਹੀ ਸਮਿਥ ਨੇ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਦਿੱਤੀ। ਇਹ ਅੱਗ ਅਜਿਹੇ ਸਮੇਂ ਵਿਚ ਲੱਗੀ ਹੈ ਜਦੋਂ ਕੁਝ ਦਿਨਾਂ ਵਿਚ ਅਲਬਰਟਾ ਵਿਚ ਉਸ ਪ੍ਰਕਿ ਰਿਆ ਨੂੰ ਸ਼ੁਰੂ ਕਰਨ ਦੇ ਮੁੱਦੇ ‘ਤੇ ਵੋਟਿੰਗ ਹੋਣੀ ਹੈ ਜਿਸ ਰਾਹੀਂ ਇਹ ਸੂਬਾ ਕੈਨੇਡਾ ਤੋਂ ਵੱਖ ਹੋ ਕੇ ਆਜ਼ਾਦੀ ਦੀ ਮੰਗ ਕਰ ਸਕਦਾ ਹੈ।










