ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਗਾਹਕਾਂ ਨੂੰ ਝਟਕਾ ਦਿੰਦਿਆਂ ਆਪਣੀਆਂ ਚੋਣਵੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਇਹ ਨਵੀਆਂ ਕੀਮਤਾਂ 22 ਨਵੰਬਰ 2026 ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਕੀਮਤਾਂ ਵਿੱਚ ਔਸਤਨ ਲਗਭਗ 0.31 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਕੰਪਨੀ ਨੇ ਇਸ ਫੈਸਲੇ ਪਿੱਛੇ ਵਧਦੀਆਂ ਲਾਗਤਾਂ ਦੇ ਦਬਾਅ ਨੂੰ ਮੁੱਖ ਕਾਰਨ ਦੱਸਿਆ ਹੈ। ਹਾਲਾਂਕਿ, ਕੀਮਤਾਂ ਵਿੱਚ ਵਾਧਾ ਸਾਰੇ ਮਾਡਲਾਂ ‘ਤੇ ਨਹੀਂ ਕੀਤਾ ਗਿਆ ਹੈ, ਸਗੋਂ ਇਹ ਸਿਰਫ਼ ਚੋਣਵੇਂ ਮਾਡਲਾਂ ਅਤੇ ਵੇਰੀਐਂਟਾਂ ‘ਤੇ ਲਾਗੂ ਹੋਵੇਗਾ। ਕੰਪਨੀ ਨੇ ਹਾਲੇ ਤੱਕ ਹਰੇਕ ਕਾਰ ਅਤੇ ਵੇਰੀਐਂਟ ਦੀ ਕੀਮਤ ਵਿੱਚ ਹੋਏ ਵੱਖਰੇ ਵਾਧੇ ਦਾ ਵੇਰਵਾ ਜਾਰੀ ਨਹੀਂ ਕੀਤਾ ਹੈ।
ਮਾਰੂਤੀ ਸੁਜ਼ੂਕੀ ਮੁਤਾਬਕ, ਕੰਪਨੀ ਲਗਾਤਾਰ ਉਤਪਾਦਨ ਅਤੇ ਹੋਰ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਬਾਵਜੂਦ ਕੱਚੇ ਮਾਲ ਅਤੇ ਹੋਰ ਵਧਦੀਆਂ ਲਾਗਤਾਂ ਕਾਰਨ ਕੁਝ ਵਾਧੂ ਖਰਚਾ ਗਾਹਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੋ ਗਿਆ ਹੈ।
ਹੁਣ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਗਾਹਕਾਂ ਨੂੰ ਆਪਣੇ ਪਸੰਦੀਦਾ ਮਾਡਲ ਦੀ ਨਵੀਂ ਕੀਮਤ ਬਾਰੇ ਜਾਣਕਾਰੀ ਲੈਣੀ ਪਵੇਗੀ। ਕੰਪਨੀ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਖਰੀਦਦਾਰੀ ਤੋਂ ਪਹਿਲਾਂ ਅਧਿਕਾਰਤ ਮਾਰੂਤੀ ਸੁਜ਼ੂਕੀ ਡੀਲਰਾਂ ਨਾਲ ਸੰਪਰਕ ਕਰਕੇ ਨਵੀਆਂ ਕੀਮਤਾਂ ਦੀ ਪੁਸ਼ਟੀ ਕਰਨ।
