Homeਦੇਸ਼ਟਾਈਗਰ ਹਮਲੇ ਮਾਮਲੇ 'ਚ ਵੱਡਾ ਖੁਲਾਸਾ, ਕੈਲੀਫੋਰਨੀਆ ਤੋਂ ਦਿੱਤੀ ਗਈ ਸੀ ਸੁਪਾਰੀ

ਟਾਈਗਰ ਹਮਲੇ ਮਾਮਲੇ ‘ਚ ਵੱਡਾ ਖੁਲਾਸਾ, ਕੈਲੀਫੋਰਨੀਆ ਤੋਂ ਦਿੱਤੀ ਗਈ ਸੀ ਸੁਪਾਰੀ

ਮੁੰਬਈ/ਕੋਟਾ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਜਾਂਚ ਦੌਰਾਨ ਨਵੇਂ ਖੁਲਾਸੇ ਹੋਏ ਹਨ। ਰਿਪੋਰਟਾਂ ਮੁਤਾਬਕ, ਹਮਲੇ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ 34 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ। ਪੁਲਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਵਾਰਦਾਤ ਤੋਂ ਬਾਅਦ ਪਛਾਣ ਲੁਕਾਉਣ ਲਈ ਮੁਲਜ਼ਮਾਂ ਨੇ ਟ੍ਰੇਨ ਵਿੱਚ ਹੀ ਆਪਣੇ ਵਾਲ ਕੱਟੇ ਅਤੇ ਕੱਪੜੇ ਬਦਲ ਲਏ ਸਨ।

ਵਿਦੇਸ਼ ਤੋਂ ਹੋ ਰਹੀ ਸੀ ਮੁਲਜ਼ਮਾਂ ਦੀ ਕਥਿਤ ਮਦਦ

ਜਾਣਕਾਰੀ ਅਨੁਸਾਰ, ਅਨਿਲ ਪੰਡਿਤ ਨਾਂ ਦਾ ਵਿਅਕਤੀ ਵਿਦੇਸ਼ ਤੋਂ ਤਿੰਨਾਂ ਮੁਲਜ਼ਮਾਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਨੂੰ ਪੈਸੇ ਦੇਣ ਦੇ ਨਾਲ-ਨਾਲ ਵਿਦੇਸ਼ ਵਿੱਚ ਨੌਕਰੀ ਦਿਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਸੀ। ਪੁਲਸ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਤਿੰਨੇ ਮੁਲਜ਼ਮ ਮੁੰਬਈ ਦੇ ਜੁਹੂ ਚੌਪਾਟੀ ਇਲਾਕੇ ਵਿੱਚ ਆਉਂਦੇ-ਜਾਂਦੇ ਰਹਿੰਦੇ ਸਨ। ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਹੇਅਰ ਸਟਾਈਲ ਬਦਲਿਆ ਅਤੇ ਕੱਪੜੇ ਵੀ ਬਦਲ ਲਏ।

ਵਾਰਦਾਤ ਤੋਂ ਬਾਅਦ ਟ੍ਰੇਨ ਅਤੇ ਟੈਕਸੀ ਰਾਹੀਂ ਸਫ਼ਰ

ਜਾਂਚ ਮੁਤਾਬਕ, ਗੋਲੀਬਾਰੀ ਤੋਂ ਬਾਅਦ ਮੁਲਜ਼ਮ ਅੰਧੇਰੀ ਰੇਲਵੇ ਸਟੇਸ਼ਨ ਪਹੁੰਚੇ ਅਤੇ ਲੋਕਲ ਟ੍ਰੇਨ ਵਿੱਚ ਸਫ਼ਰ ਕੀਤਾ। ਕੁਝ ਸਟੇਸ਼ਨਾਂ ਬਾਅਦ ਉਤਰ ਕੇ ਉਨ੍ਹਾਂ ਨੇ ਆਨਲਾਈਨ ਟੈਕਸੀ ਬੁੱਕ ਕੀਤੀ। ਦਾਅਵਾ ਹੈ ਕਿ ਟੈਕਸੀ ਦਾ ਭੁਗਤਾਨ ਵੀ ਅਨਿਲ ਪੰਡਿਤ ਨੇ ਕੀਤਾ ਸੀ।

ਇਸ ਤੋਂ ਬਾਅਦ ਉਹ ਸੂਰਤ ਪਹੁੰਚੇ ਅਤੇ ਉੱਥੋਂ ਪੁਣੇ-ਜੈਪੁਰ ਜਾਣ ਵਾਲੀ ਟ੍ਰੇਨ ਵਿੱਚ ਸਵਾਰ ਹੋ ਗਏ। ਰਿਪੋਰਟਾਂ ਅਨੁਸਾਰ, ਕੋਟਾ ਪੁਲਸ ਨੇ ਤਿੰਨਾਂ ਨੂੰ ਇਸੇ ਟ੍ਰੇਨ ਵਿੱਚੋਂ ਹਿਰਾਸਤ ਵਿੱਚ ਲਿਆ। ਉਨ੍ਹਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਅਤੇ ਬੈਗਾਂ ਵਿੱਚੋਂ ਕੱਪੜੇ ਮਿਲੇ। ਪੁਲਸ ਨੂੰ ਸ਼ੱਕ ਹੈ ਕਿ ਹਥਿਆਰ ਰਸਤੇ ਵਿੱਚ ਕਿਤੇ ਸੁੱਟ ਦਿੱਤੇ ਗਏ ਹੋ ਸਕਦੇ ਹਨ।

ਕੌਣ ਹਨ ਤਿੰਨੇ ਮੁਲਜ਼ਮ?

ਮਾਮਲੇ ਵਿੱਚ ਰੇਹਾਨ ਉਰਫ਼ ਸੁੱਕਾ, ਫੂਲ ਸਿੰਘ ਅਤੇ ਰੋਸ਼ਨ ਉਰਫ਼ ਰਿਤਿਕ ਦੇ ਨਾਂ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ, ਰਿਤਿਕ ਦੀ ਉਮਰ 22 ਸਾਲ, ਜਦਕਿ ਰੇਹਾਨ ਅਤੇ ਫੂਲ ਸਿੰਘ ਦੀ ਉਮਰ 18 ਸਾਲ ਦੱਸੀ ਗਈ ਹੈ।

ਜਾਣਕਾਰੀ ਅਨੁਸਾਰ, ਰੇਹਾਨ ਅਤੇ ਫੂਲ ਸਿੰਘ ਮਜ਼ਦੂਰੀ ਕਰਦੇ ਸਨ, ਜਦਕਿ ਰਿਤਿਕ ਰੈਪਿਡ ਬਾਈਕ ਚਲਾਉਂਦਾ ਸੀ। ਸਥਾਨਕ ਇਲਾਕਿਆਂ ਦੀ ਜਾਣਕਾਰੀ ਹੋਣ ਕਾਰਨ ਉਸ ਨੂੰ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਗਿਆ ਸੀ। ਰੇਹਾਨ ਦਾ ਸੰਪਰਕ ਪਹਿਲਾਂ ਸਮੀਰ ਨਾਂ ਦੇ ਨੌਜਵਾਨ ਨਾਲ ਹੋਇਆ ਸੀ, ਜਿਸ ਨੇ ਕਥਿਤ ਤੌਰ ‘ਤੇ ਉਨ੍ਹਾਂ ਦੀ ਗੱਲ ਅਨਿਲ ਪੰਡਿਤ ਨਾਲ ਕਰਵਾਈ।

ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰੇਹਾਨ ਅਤੇ ਫੂਲ ਸਿੰਘ ਪਹਿਲਾਂ ਅੰਮ੍ਰਿਤਸਰ ਦੇ ਇੱਕ ਵਪਾਰੀ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਚੁੱਕੇ ਸਨ, ਪਰ ਉਸ ਸਮੇਂ ਪਿਸਤੌਲ ਵਿੱਚੋਂ ਗੋਲੀ ਨਹੀਂ ਚੱਲੀ ਸੀ। ਇਸ ਮਾਮਲੇ ਦੀ ਜਾਂਚ ਵੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ।

ਨੇਪਾਲ ਭੱਜਣ ਦੀ ਬਣਾਈ ਸੀ ਯੋਜਨਾ

ਕੋਟਾ ਦੀ ਪੁਲਸ ਸੁਪਰਡੈਂਟ ਤੇਜਸਵਨੀ ਗੌਤਮ ਮੁਤਾਬਕ, ਤਿੰਨਾਂ ਨੂੰ ਸੋਮਵਾਰ ਨੂੰ ਮੁੰਬਈ ਤੋਂ ਆ ਰਹੀ ਟ੍ਰੇਨ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ, ਵਾਰਦਾਤ ਤੋਂ ਬਾਅਦ ਉਨ੍ਹਾਂ ਦੀ ਯੋਜਨਾ ਜੈਪੁਰ ਤੋਂ ਦਿੱਲੀ ਬੱਸ ਰਾਹੀਂ ਜਾਣ ਅਤੇ ਉੱਥੋਂ ਸਰਹੱਦ ਪਾਰ ਕਰਕੇ ਨੇਪਾਲ ਪਹੁੰਚਣ ਦੀ ਸੀ।

ਫਿਲਹਾਲ ਪੁਲਸ ਇਸ ਮਾਮਲੇ ਵਿੱਚ ਕਥਿਤ ਸੁਪਾਰੀ, ਹਥਿਆਰਾਂ ਦੇ ਪ੍ਰਬੰਧ, ਵਿਦੇਸ਼ੀ ਸੰਪਰਕਾਂ ਅਤੇ ਹੋਰ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments