ਈਰਾਨ : ਈਰਾਨ ਦੀ ਸੇਪਾਹਾਰਨ ਏਅਰਲਾਈਨਜ਼ ਦੇ ਇੱਕ ਬੋਇੰਗ 737 ਜਹਾਜ਼ ਵਿੱਚ ਉਡਾਣ ਭਰਨ ਦੇ ਕੁੱਝ ਸਮੇਂ ਬਾਅਦ ਟਾਇਰ ਨਿਕਲਣ ਅਤੇ ਇੰਜਣ ਵਿੱਚ ਖਰਾਬੀ ਦੇ ਕਾਰਨ ਜ਼ੋਰਦਾਰ ਕੰਪਨ ਸ਼ੁਰੂ ਹੋ ਗਈ । ਕੈਬਿਨ ਦੀ ਛੱਤ ਟੁੱਟ ਗਈ ਅਤੇ ਸਾਮਾਨ ਡਿੱਗਣਾ ਸ਼ੁਰੂ ਹੋ ਗਿਆ, ਜਿਸ ਕਾਰਨ ਯਾਤਰੀਆਂ ‘ਚ ਦਹਿਸ਼ਤ ਫੈਲ ਗਈ। ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕੀਤੀ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਇਹ ਘਟਨਾ ਬੀਤੇ ਦਿਨ ਵਾਪਰੀ। ਜਹਾਜ਼ ਮਸ਼ਹਦ ਤੋਂ ਕਰਮਾਨਸ਼ਾਹ ਜਾ ਰਿਹਾ ਸੀ। ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਇਕ ਪਹੀਏ ਦਾ ਟਾਇਰ ਨਿਕਲ ਗਿਆ, ਜਿਸ ਕਾਰਨ ਇੰਜਣ ਵਿਚ ਸਮੱਸਿਆ ਆ ਗਈ ਅਤੇ ਜਹਾਜ਼ ਜ਼ੋਰ-ਜ਼ੋਰ ਨਾਲ ਕੰਪਨ ਕਰਨ ਲੱਗਿਆ । ਪਾਇਲਟ ਨੇ ਯਾਤਰੀਆਂ ਨੂੰ ਇੰਜਣ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਅਤੇ ਜਹਾਜ਼ ਨੂੰ ਵਾਪਸ ਮਸ਼ਹਦ ਹਵਾਈ ਅੱਡੇ ਵੱਲ ਮੋੜ ਦਿੱਤਾ।
ਕੈਬਿਨ ਵਿੱਚ ਹਫੜਾ-ਦਫੜੀ
ਤੇਜ਼ ਵਾਈਬ੍ਰੇਸ਼ਨ ਕਾਰਨ ਕੈਬਿਨ ਦੀ ਛੱਤ ਅਤੇ ਓਵਰਹੈੱਡ ਕੰਪਾਰਟਮੈਂਟ ਦੇ ਕੁਝ ਹਿੱਸੇ ਨੁਕਸਾਨੇ ਗਏ। ਸਾਮਾਨ ਦੇ ਡੱਬੇ ਖੁੱਲ੍ਹ ਗਏ ਅਤੇ ਯਾਤਰੀਆਂ ਦਾ ਸਾਮਾਨ ਬਾਹਰ ਡਿੱਗਣ ਲੱਗਾ। ਕੁਝ ਸਾਮਾਨ ਯਾਤਰੀਆਂ ‘ਤੇ ਵੀ ਡਿੱਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਯਾਤਰੀ ਡਰ ਦੇ ਮਾਰੇ ਚੀਕਾਂ ਮਾਰਦੇ ਅਤੇ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ।
ਜਹਾਜ਼ ਮਸ਼ਹਦ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ । ਇਹ ਮਸ਼ਹਦ ਹਵਾਈ ਅੱਡੇ ‘ਤੇ ਸੇਪਾਹਰਾਨ ਏਅਰਲਾਈਨਜ਼ ਦੇ ਜਹਾਜ਼ ਨਾਲ ਜੁੜੀ ਦੂਜੀ ਤਾਜ਼ਾ ਘਟਨਾ ਦੱਸੀ ਜਾਂਦੀ ਹੈ।










